ਪੰਜਾਬ ਕਾਂਗਰਸ ਚ ਵੱਡੀ ਉਥਲ ਪੁਥਲ ਦੀ ਤਿਆਰੀ, ਸਿੱਧੂ ਖੇਮੇ ਵਲੋਂ ਮੁੱਖ ਮੰਤਰੀ ਬਦਲਣ ਦੀ ਕੀਤੀ ਜਾ ਸਕਦੀ ਹੈ ਮੰਗ

ਪੰਜਾਬ ਕਾਂਗਰਸ ਚ ਵੱਡੀ ਉਥਲ ਪੁਥਲ ਹੋਣ ਦੀ ਸੰਭਾਵਨਾ ਨਜਰ ਆ ਰਹੀ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਫੇਰਬਦਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖੇਮੇ ਵਿਚ ਖਲਬਲੀ ਪੈਦਾ ਹੋ ਗਈ ਹੈ। ਸਿੱਧੂ ਨੇ ਆਪਣੇ ਖੇਮੇ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ, ਜਿਸ ’ਚ ਫ਼ੈਸਲਾ ਕੀਤਾ ਗਿਆ ਕਿ 2022 ਨੂੰ ਲੈ ਕੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਜਾਵੇ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਰਕਾਰੀ ਘਰ ਵਿਚ ਹੋਈ ਇਸ ਮੀਟਿੰਗ ’ਚ ਇਹ ਵੀ ਚਰਚਾ ਉੱਠੀ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਜਾਵੇ। ਅਹਿਮ ਗੱਲ ਇਹ ਹੈ ਕਿ ਇਕ ਪਾਸੇ ਸਿੱਧੂ ਜਿੱਥੇ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਸਨ, ਉਸੇ ਸਮੇਂ ਦਿੱਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਇਹ ਦੱਸ ਰਹੇ ਸਨ ਕਿ ਸਿੱਧੂ ਵੱਲੋਂ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਬੋਲਣ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ। ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਕੈਪਟਨ ਵੱਲੋਂ ਸਿੱਧੂ ਨੂੰ ਲੈ ਕੇ ਦਿੱਤੀ ਗਈ ਫੀਡਬੈਕ ਤੋਂ ਬਾਅਦ ਸੋਨੀਆ ਗਾਂਧੀ ਨੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਜਾਬ ਜਾ ਕੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਕੇ ਆਉਣ।

ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਦੱਸਿਆ ਕਿ ਸਿੱਧੂ ਵੱਲੋਂ ਆਪਣੀ ਹੀ ਸਰਕਾਰ ਦੇ ਪ੍ਰਤੀ ਦਿੱਤੇ ਜਾ ਰਹੇ ਬਿਆਨਾਂ ਨਾਲ ਕਾਂਗਰਸ ਵਿਰੋਧੀ ਧਿਰ ਦੇ ਸਾਹਮਣੇ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਹੈ। ਉੱਥੇ, ਕੈਬਨਿਟ ਵਿਚ ਫੇਰਬਦਲ ਕਰਨ ’ਤੇ ਸੋਨੀਆ ਗਾਂਧੀ ਦੀ ਸਹਿਮਤੀ ਵਿਚਾਲੇ ਸਿੱਧੂ ਕੈਂਪ ਵਿਚ ਕਾਫੀ ਬੇਚੈਨੀ ਵੱਧ ਗਈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਹੋਈ ਮੀਟਿੰਗ ਵਿਚ ਸਿੱਧੂ ਸਮੇਤ ਸੁਖਜਿੰਦਰ ਰੰਧਾਵਾ, ਰਜ਼ੀਆ ਸੁਲਤਾਨਾ, ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਬਰਿੰਦਰਮੀਤ ਸਿੰਘ ਪਾਹਡ਼ਾ, ਕੁਲਬੀਰ ਜੀਰਾ, ਕੁਸ਼ਲਦੀਪ ਸਿੰਘ ਢਿਲੋਂ ਸਮੇਤ ਲਗਪਗ ਇਕ ਦਰਜਨ ਤੋਂ ਜ਼ਿਆਦਾ ਨੇਤਾ ਮੌਜੂਦ ਸਨ। ਇਸ ਵਿਚ ਇਹ ਚਰਚਾ ਉੱਠੀ ਕਿ ਪਾਰਟੀ ਪ੍ਰਧਾਨ ਦੇ ਸਾਹਮਣੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਚੁੱਕੀ ਜਾਵੇ। ਫਿਰ ਇਹ ਚਰਚਾ ਹੋਈ ਕਿ ਆਪਣੇ ਪੱਧਰ ’ਤੇ ਇਸ ਤਰ੍ਹਾਂ ਦੀ ਮੰਗ ਚੁੱਕੀ ਜਾਵੇ ਤਾਂ ਉਸ ਵਿਚ ਵਜ਼ਨ ਨਹੀਂ ਆਵੇਗਾ। ਇਸ ਕਾਰਨ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਉਣੀ ਜ਼ਰੂਰੀ ਹੈ। ਕਿਉਂਕਿ ਪ੍ਰਦੇਸ਼ ਪ੍ਰਧਾਨ ਵਿਧਾਇਕ ਦਲ ਦੀ ਮੀਟਿੰਗ ਬੁਲਾ ਸਕਦਾ ਹੈ ਪਰ ਜੇਕਰ ਏਜੰਡਾ ਇਹ ਹੋਵੇ ਕਿ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰਨੀ ਹੈ ਤਾਂ ਸੰਭਵ ਹੈ ਕਿ ਵਿਧਾਇਕ ਨਾ ਆਉਣ। ਜਿਸ ’ਤੇ ਇਸ ਦਾ ਹੱਲ ਕੱਢਿਆ ਗਿਆ ਕਿ ਵਿਧਾਇਕਾਂ ਦੀ ਮੀਟਿੰਗ ਬੁਲਾਈ ਜਾਵੇ ਪਰ ਏਜੰਡਾ ਹੋਵੇਗਾ 2022 ਨੂੰ ਲੈ ਕੇ ਚਰਚਾ।


ਸੂਤਰ ਦੱਸਦੇ ਹਨ ਕਿ ਵਿਧਾਇਕ ਦਲ ਦੀ ਮੀਟਿੰਗ ਦੇ ਦੌਰਾਨ ਸਿੱਧੂ ਕੈਂਪ ਦਾ ਕੋਈ ਵਿਧਾਇਕ ਇਸ ਮੁੱਦੇ ਨੂੰ ਚੁੱਕ ਸਕਦਾ ਹੈ। ਪਹਿਲਾਂ ਹੀ ਪੰਜ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਰਜ਼ੀਆ ਸੁਲਤਾਨਾ ਸਮੇਤ ਕੁਝ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੁੱਖ ਮੰਤਰੀ ਕੈਬਨਿਟ ਵਿਚ ਲਿਆਉਣਾ ਚਾਹੁੰਦੇ ਹਨ। ਅਜਿਹੇ ਵਿਚ ਮਾਝੇ ਤੋਂ ਇਕ ਮੰਤਰੀ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਾਂਗਰਸ ਚੋਣਾਂ ਦੇ ਨਜ਼ਦੀਕ ਐਡੀ ਵੱਡੀ ਉਥਲ ਪੁਥਲ ਕਰੇਗੀ ਜਾ ਨਹੀਂ।

MUST READ