2022 ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਸ਼ੁਰੂ ਅਕਾਲੀ ਦਲ ਸੰਯੁਕਤ ਵਲੋਂ 13 ਯੂਥ ਕੋਆਰਡੀਨੇਟਰ ਕੀਤੇ ਗਏ ਨਿਯੁਕਤ
ਪੰਜਾਬ ਚ ਅਗਲੇ ਸਾਲ ਚੋਣਾਂ ਹਨ ਇਸੇ ਦੇ ਚਲਦੇ ਤਿਆਰੀਆਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਅਤੇ ਪਾਰਟੀ ‘ਚ ਨੌਜਵਾਨਾਂ ਦੀ ਭਾਗੀਦਾਰੀ ਵਧਾ ਕੇ ਉਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ। ਵੱਡੀਆਂ ਜ਼ਿੰਮੇਵਾਰੀਆਂ ਸੌਂਪੇ ਜਾਣ ਦੇ ਕੀਤੇ ਗਏ ਵਾਅਦੇ ਮੁਤਾਬਕ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਆਪਸੀ ਸਲਾਹ-ਮਸ਼ਵਰੇ ਤੋਂ ਬਾਅਦ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਯੂਥ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਕਨਵੀਨਰ ਮਨਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਾਰਟੀ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਸੌਂਪਦਿਆਂ ਸੂਬੇ ਦੇ ਲੋਕ ਸਭਾ ਹਲਕਿਆਂ ਵਿੱਚ 13 ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਦੱਸ ਦਈਏ ਕਿ ਨਿਯੁਕਤ ਕੀਤੇ ਗਏ ਕੋਆਰਡੀਨੇਟਰਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਸਾਹਿਬ ਤੋਂ ਜਤਿੰਦਰ ਸਿੰਘ ਗਿੱਲ, ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹੀਂਪਾਲ ਸਿੰਘ ਭੁੱਲਣ, ਬਠਿੰਡਾ ਤੋਂ ਦਰਸ਼ਨ ਸਿੰਘ ਲਾਲੀ ਢਿੱਲੋਂ, ਫ਼ਰੀਦਕੋਟ ਤੋਂ ਰਮਨਦੀਪ ਸਿੰਘ ਗਿੱਲ ਜਗਰਾਉਂ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਢੀਂਡਸਾ, ਫਿਰੋਜ਼ਪੁਰ ਤੋਂ ਸੁਖਮਨਦੀਪ ਸਿੰਘ ਡਿੰਪੀ ਦਾਤੇਵਾਸ, ਗੁਰਦਾਸਪੁਰ ਤੋਂ ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ, ਹੁਸਿ਼ਆਰਪੁਰ ਤੋਂ ਸੁਖਜਿੰਦਰ ਸਿੰਘ ਚੋਹਾਨ, ਜਲੰਧਰ ਤੋਂ ਸੁਖਵਿੰਦਰ ਸਿੰਘ ਮੂਨਕ, ਖਡੂਰ ਸਾਹਿਬ ਤੋਂ ਗੁਰਪ੍ਰਤਾਪ ਸਿੰਘ ਪੰਨੂ, ਲੁਧਿਆਣਾ ਤੋਂ ਰੂਬਲ ਗਿੱਲ ਮਹਿਲ ਖ਼ੁਰਦ, ਪਟਿਆਲਾ ਤੋਂ ਐਡਵੋਕੇਟ ਗਗਨਦੀਪ ਸਿੰਘ ਸੁਨਾਮ ਅਤੇ ਸੰਗਰੂਰ ਤੋਂ ਮਨਿੰਦਰਪਾਲ ਸਿੰਘ ਸ਼ਾਮਲ ਹਨ।
ਇਸ ਮੌਕੇ ਗੱਲ ਬਾਤ ਕਰਦਿਆਂ ਮਨਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਥਾਪੇ ਗਏ ਸਾਰੇ ਕੋਆਰਡੀਨੇਟਰ ਹੋਰਨਾਂ ਲੋਕ ਸਭਾ ਹਲਕਿਆਂ ਤੋਂ ਲਗਾਏ ਗਏ ਹਨ, ਜੋ ਹਲਕੇ ਦੇ ਜ਼ਿਲ੍ਹਾ, ਸਰਕਲ ਅਤੇ ਬੂਥ ਪੱਧਰ ਤੱਕ ਦੇ ਯੂਥ ਅਹੁਦੇਦਾਰਾਂ ਨਾਲ ਤਾਲਮੇਲ ਕਰਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਪਣੀ ਨੀਤੀ ਮੁਤਾਬਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਸੌਂਪਣ ਲਈ ਵਚਨਬੱਧ ਹੈ ਅਤੇ ਪਾਰਟੀ ਦੀ ਇਹ ਵਿਚਾਰਧਾਰਾ ਹੈ ਕਿ ਸੂਬੇ ਦੀ ਨੀਤੀ- ਨਿਰਮਾਣ ਦੀ ਪ੍ਰਕਿਰਿਆ ਵਿੱਚ ਨੌਜਵਾਨ ਵਰਗ ਦੀ ਭਾਗੀਦਾਰੀ ਹੋਣੀ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਲਈ ਹੀ ਨਹੀਂ ਵਰਤਿਆ ਜਾਣਾ ਚਾਹੀਦਾ ਸਗੋਂ ਸੂਬੇ ਦੇ ਹਰੇਕ ਅਹਿਮ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਇਆ ਜਾਣਾ ਚਾਹੀਦਾ ਹੈ।