PM ਮੋਦੀ ਨੇ ਸੱਦੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ, ਕੀਤੇ ਜਾ ਸਕਦੇ ਕੋਰੋਨਾ ਟੀਕਾਕਰਨ ‘ਤੇ ਵਿਚਾਰ
ਨੈਸ਼ਨਲ ਡੈਸਕ:- ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਇਕ ਬੈਠਕ ਬੁਲਾਈ ਹੈ। ਸੂਤਰਾਂ ਅਨੁਸਾਰ ਕੋਵੀਡ -19 ਦੀ ਮੌਜੂਦਾ ਸਥਿਤੀ ਬਾਰੇ ਇਸ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ, ਇਹ ਬੈਠਕ ਸ਼ੁੱਕਰਵਾਰ ਸਵੇਰੇ ਡਿਜੀਟਲ ਮਾਧਿਅਮ ਰਾਹੀਂ ਕੀਤੀ ਜਾਏਗੀ, ਜਿਸ ‘ਚ ਕੇਂਦਰ ਸਰਕਾਰ ਦੇ ਉੱਚ ਅਧਿਕਾਰੀ ਤੋਂ ਇਲਾਵਾ ਮੰਤਰੀ ਪ੍ਰੀਸ਼ਦ ਦੇ ਮੈਂਬਰ ਵੀ ਸ਼ਾਮਲ ਹੋ ਸਕਦੇ ਹਨ। ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਇਹ ਪਹਿਲੀ ਬੈਠਕ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਮੀਟਿੰਗ ਵਿੱਚ 18 ਤੋਂ 45 ਸਾਲ ਦੀ ਉਮਰ ਸਮੂਹ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।

ਬੈਠਕ ‘ਚ ਮੰਤਰੀਆਂ ਨੂੰ ਜਨਤਕ ਤੌਰ ‘ਤੇ ਜਾਣ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਕਿਹਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੇ ਕਈ ਦੌਰ ਕੀਤੇ ਹਨ। ਪ੍ਰਧਾਨਮੰਤਰੀ ਨੇ ਉਚੇਚੇ ਸਰਕਾਰੀ ਅਧਿਕਾਰੀਆਂ, ਫਾਰਮਾਸਿਉਟੀਕਲ ਕੰਪਨੀਆਂ ਦੇ ਉੱਚ ਅਧਿਕਾਰੀਆਂ, ਆਕਸੀਜਨ ਸਪਲਾਇਰਾਂ, ਸੈਨਾ ਅਤੇ ਹਵਾਈ ਸੈਨਾ ਦੇ ਮੁਖੀਆਂ ਸਮੇਤ ਹੋਰਨਾਂ ਨਾਲ ਕੋਵਿਡ -19 ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ।

ਦੱਸ ਦੇਈਏ ਕਿ, ਵੀਰਵਾਰ ਨੂੰ ਦੇਸ਼ ‘ਚ ਕੋਰੋਨਾ ਵਾਇਰਸ ਦੀ ਲਾਗ ਦੇ ਰਿਕਾਰਡ 3,79,257 ਕੇਸ ਦਰਜ ਕੀਤੇ ਗਏ ਸਨ। ਇਸ ਦੇ ਨਾਲ, ਦੇਸ਼ ਵਿੱਚ ਸੰਕਰਮਣ ਦੇ ਕੁਲ ਕੇਸ 1,83,76,524 ਹੋ ਗਏ ਹਨ। ਸਵੇਰੇ 8 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਇਕ ਦਿਨ ਵਿਚ 3,645 ਲੋਕਾਂ ਦੀ ਮੌਤ ਤੋਂ ਬਾਅਦ ਇਸ ਘਾਤਕ ਬਿਮਾਰੀ ਦੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,04,832 ਹੋ ਗਈ ਹੈ।