ਪਿੰਡ ਦਾਦੂ ਦੇ ਲੋਕਾਂ ਵੱਲੋਂ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਸਮਾਜਿਕ ਬਾਈਕਾਟ ਦਾ ਐਲਾਨ

ਭਾਜਪਾ ਲੀਡਰ ਵਿਜੈ ਸਾਂਪਲਾ ਨਾਲ ਮੀਟਿੰਗ ਦੀ ਚਰਚਾ ਮਗਰੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਸੂਤੇ ਘਿਰ ਗਏ ਹਨ। ਪਿੰਡ ਦਾਦੂ ਦੇ ਵਸਨੀਕਾਂ ਨੇ ਇਕੱਠ ਕਰਕੇ ਦਾਦੂਵਾਲ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਾਲਾਂਵਾਲੀ ਬਲਾਕ ਦੇ ਪਿੰਡ ਦਾਦੂ ਦੇ ਲੋਕਾਂ ਨੇ ਪੰਚਾਇਤ ‘ਚ ਲਿਖਤੀ ਮਤਾ ਪਾ ਕੇ ਦਾਦੂਵਾਲ ਦਾ ਬਾਈਕਾਟ ਕੀਤਾ ਹੈ। ਪਿੰਡ ਵਾਲਿਆਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜੋ ਕੋਈ ਦਾਦੂਵਾਲ ਕੋਲ ਜਾਵੇਗਾ, ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ।

ਦਸਣਯੋਗ ਹੈ ਕਿ ਸ਼ਨੀਵਾਰ ਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਤੇ ਬੀਜੇਪੀ ਲੀਡਰ ਵਿਜੇ ਸਾਂਪਲਾ ਸਿਰਸਾ ਦੌਰੇ ‘ਤੇ ਆਏ ਸਨ। ਉਨ੍ਹਾਂ ਨੇ ਦਾਦੂ ਪਿੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨੀ ਸੀ। ਕਿਸਾਨਾਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਵਿਰੋਧ ਲਈ ਇਕੱਠੇ ਹੋ ਗਏ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਸਾਂਪਲਾ ਦਾਦੂ ਪਿੰਡ ਨਹੀਂ ਗਏ ਤੇ ਸਿਰਸਾ ਦੇ ਪ੍ਰਾਈਵੇਟ ਰਿਜ਼ੋਰਟ ‘ਚ ਰੁਕਣ ਤੋਂ ਬਾਅਦ ਵਾਪਸ ਚਲੇ ਗਏ।
ਇਸ ਮਗਰੋਂ ਕਾਲਾਂਵਾਲੀ ਥਾਣਾ ‘ਚ ਸਾਂਪਲਾ ਵੱਲੋਂ ਵਿਰੋਧ ਕਰਨ ਵਾਲੇ ਕਿਸਾਨਾਂ ਖ਼ਿਲਾਫ ਸ਼ਿਕਾਇਤ ਦੇ ਦਿੱਤੀ ਗਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਕਾਲਾਂਵਾਲੀ ਪੁਲਿਸ ਨੇ 21 ਕਿਸਾਨਾਂ ਨੂੰ ਨਾਮਜ਼ਦ ਤੇ 500 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਕਰਕੇ ਕਿਸਾਨਾਂ ਵਿੱਚ ਸਾਂਪਲਾ ਤੇ ਪੁਲਿਸ ਦੇ ਨਾਲ-ਨਾਲ ਜਥੇਦਾਰ ਦਾਦੂਵਾਲ ਖਿਲਾਫ ਰੋਸ ਹੈ।


ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਾਦੂਵਾਲ ਭਾਜਪਾ ਲੀਡਰਾਂ ਨੂੰ ਪਿੰਡ ‘ਚ ਬੁਲਾ ਕੇ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਜੇਕਰ ਪਿੰਡ ‘ਚ ਕੋਈ ਅਨਹੋਣੀ ਘਟਨਾ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਦਾਦੂਵਾਲ ਹੀ ਹੋਵੇਗਾ। ਜਦੋਂ ਸਾਰੇ ਕਿਸਾਨਾਂ ਨੇ ਭਾਜਪਾ ਦਾ ਬਾਈਕਾਟ ਕੀਤਾ ਹੋਇਆ ਤਾਂ ਦਾਦੂਵਾਲ ਪਿੰਡ ‘ਚ ਭਾਜਪਾ ਲੀਡਰਾਂ ਨੂੰ ਕਿਉਂ ਬੁਲਾ ਰਿਹਾ ਹੈ। ਕਿਸਾਨ ਲੀਡਰ ਗੁਰਦਾਸ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਦਾਦੂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਦਾਦੂਵਾਲ ਭਾਜਪਾ ਦਾ ਏਜੰਟ ਹੈ।


ਉਧਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਇਹ ਲੋਕ ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ ਮੇਰਾ ਵਿਰੋਧ ਕਰਦੇ ਆ ਰਹੇ ਹਨ। ਪਿੰਡ ‘ਚ ਦੋ ਗੁਰਦੁਆਰਾ ਸਾਹਿਬ ਹਨ, ਇਹ ਵਿਰੋਧੀ ਧਿਰ ਦੇ ਲੋਕ ਹਨ। ਦਾਦੂਵਾਲ ਨੇ ਕਿਹਾ ਕਿ ਮੈਂ ਨਸ਼ਿਆਂ ਦਾ ਵਿਰੋਧੀ ਹਾਂ, ਇਹ ਗੱਲ ਇਨ੍ਹਾਂ ਲੋਕਾਂ ਨੂੰ ਪੰਸਦ ਨਹੀਂ। ਇਹ ਲੋਕ ਬਾਦਲਾਂ ਦੇ ਸਮਰਥਕ ਹਨ, ਬਾਦਲਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ, ਇਹ ਉਸ ਦਾ ਹੀ ਕੰਮ ਹੈ।


ਤੁਹਾਨੂੰ ਕੀ ਲਗਦਾ ਹੈ ਕਿ ਦਾਦੂਵਾਲ ਦਾ ਵਿਰੋਧ ਕਰਨਾ ਸਹੀ ਹੈ ਜਾਂ ਫਿਰ ਇਹ ਭਾਜਪਾ ਦੀ ਸਿਆਸੀ ਚਾਲ ਹੈ।

MUST READ