ਢੀਂਡਸਾ ਪਰਿਵਾਰ ਦੇ ਅਕਾਲੀ ਦਲ ‘ਚ ਵਾਪਸ ਜਾਣ ਅਤੇ ਆਪ ‘ਚ ਸ਼ਾਮਲ ਹੋਣ ਬਾਰੇ ਪਰਮਿੰਦਰ ਢੀਂਡਸਾ ਨੇ ਕੀਤਾ ਵੱਡਾ ਖ਼ੁਲਾਸਾ

2022 ਚੋਣਾਂ ਨੂੰ ਬੇਸ਼ਕ ਹਜੇ 6 ਮਹੀਨੇ ਦਾ ਸਮਾਂ ਬਾਕੀ ਹੈ ਪਰ ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਢੀਂਡਸਾ ਪਰਿਵਾਰ ਦੇ ਮੁੜ ਅਕਾਲੀ ਦਲ ਬਾਦਲ ‘ਚ ਵਾਪਸ ਜਾਣ ਦੀਆਂ ਜਾਂ ‘ਆਪ’ ਨਾਲ ਗਠਜੋੜ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਪਰਮਿੰਦਰ ਢੀਂਢਸਾ ਨੇ ਵਿਰਾਮ ਲਗਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਪੱਸ਼ਟ ਤੌਰ ‘ਤੇ ਕਿਹਾ ਕਿ ਢੀਂਡਸਾ ਪਰਿਵਾਰ ਮੁੜ ਕਦੇ ਵੀ ਅਕਾਲੀ ਦਲ ਬਾਦਲ ਵਿਚ ਵਾਪਸੀ ਨਹੀਂ ਕਰੇਗਾ ਤੇ ਅਕਾਲੀ ਦਲ ਸੰਯੁਕਤ ਦਾ ਕਿਸੇ ਵੀ ਕੀਮਤ ‘ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਪੰਥਕ ਰਾਹਾਂ ‘ਤੇ ਚੱਲ ਰਿਹਾ ਹੈ ਤੇ ਅਕਾਲੀ ਦਲ ਬਾਦਲ ਪੰਥਕ ਰਾਹਾਂ ਤੋਂ ਭਟਕ ਚੁੱਕਿਆ ਹੈ ਅਤੇ ‘ਆਪ’ ਪਾਰਟੀ ਦੀ ਸੋਚ ਕਦੇ ਵੀ ਪੰਥਕ ਨਹੀਂ ਰਹੀ।


ਢੀਂਡਸਾ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ ਵਿਚਾਰਧਾਰਾ ਪੰਥਕ ਹੈ, ਜਿਸ ਵੀ ਕਿਸੇ ਪਾਰਟੀ ਦਾ ਏਜੰਡਾ ਨਿਰੋਲ ਪੰਥਕ ਹੋਵੇਗਾ ਅਕਾਲੀ ਦਲ ਸੰਯੁਕਤ ਸਿਰਫ ਉਸੇ ਹੀ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਬਾਰੇ ਸੋਚ ਸਕਦਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਸੰਯੁਕਤ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜੇਗਾ। ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਲਿਤ ਵਰਗ, ਕਿਸਾਨ, ਮੁਲਾਜ਼ਮ ਵਰਗ, ਵਪਾਰੀ ਵਰਗ ਤੇ ਸਪੋਰਟਸਮੈਨ ਸਮੇਤ ਹਰ ਵਰਗ ਨੂੰ ਖੁਸ਼ ਕਰਨ ‘ਚ ਨਾਕਾਮਯਾਬ ਰਹੀ ਹੈ, ਜਿਸ ਕਾਰਨ ਸਾਰੇ ਵਰਗ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ।

ਉਹਨਾਂ ਨੇ ਅਕਾਲੀ ਦਲ ਬਾਦਲ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ 13 ਨੁਕਾਤੀ ਪ੍ਰੋਗਰਾਮ ‘ਚ ਨਾ ਤਾਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ, ਨਾ ਹੀ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ, ਨਾ ਸੂਬੇ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਹੈ, ਨਾ ਹੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ ਤੇ ਨਾ ਹੀ ਪੰਜਾਬ ਦੇ ਪੰਥਕ ਮੁੱਦਿਆਂ ਦੀ ਕੋਈ ਗੱਲ ਹੈ। ਤਾਂ ਫਿਰ ਦੱਸੋ ਇਹ ਸਾਰੇ ਪੁਰਾਣੇ ਮੁੱਦੇ ਛੱਡ ਕੇ ਇਹ ਪੁਰਾਣਾ ਅਕਾਲੀ ਦਲ ਕਿਥੇ ਰਹਿ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬਾ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਅਤੇ ਹੋਰ ਵਰਕਰ ਹਾਜਰ ਸਨ।

MUST READ