ਪੰਜਾਬ ‘ਤੇ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ, 44 ਦਿਨਾਂ ‘ਚ ਹੋਇਆ 40% ਮੌਤਾਂ
ਪੰਜਾਬੀ ਡੈਸਕ:- ਪੰਜਾਬ ‘ਚ ਪਿਛਲੇ 44 ਦਿਨਾਂ ਵਿੱਚ ਕੋਵਿਡ -19 ਦੀਆਂ 40 ਪ੍ਰਤੀਸ਼ਤ ਮੌਤਾਂ ਹੋਈਆਂ ਹਨ, ਜੋ ਕਿ ਸੂਬੇ ‘ਚ ਮਹਾਂਮਾਰੀ ਦੀ ਦੂਜੀ ਲਹਿਰ ਦੀ ਤੀਬਰਤਾ ਨੂੰ ਦਰਸਾਉਂਦੀਆਂ ਹਨ। ਰਾਜ ਦੇ ਸਿਹਤ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ, 31 ਮਾਰਚ ਤੱਕ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ 6,868 ਲੋਕਾਂ ਦੀ ਮੌਤ ਹੋ ਗਈ। 14 ਮਈ ਨੂੰ ਕੁੱਲ 11,477 ਮੌਤਾਂ ਹੋਇਆ, ਜਿਸਦਾ ਅਰਥ ਹੈ ਕਿ, ਇਸ ਸਾਲ ਅਪ੍ਰੈਲ ਤੋਂ, ਕੁੱਲ ਮਰਨ ਵਾਲਿਆਂ ਦੀ ਗਿਣਤੀ 4,609 ਵਧੀ ਹੈ। ਸਿਹਤ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ, ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦਾ ਦੇਰ ਨਾਲ ਪਹੁੰਚਣਾ ਅਤੇ ਹੋਰ ਬਿਮਾਰੀਆਂ ਨਾਲ ਜੂਝਣਾ ਮੌਤ ਦਾ ਮੁੱਖ ਕਾਰਨ ਹੈ।

11 ਮਈ ਨੂੰ ਪੰਜਾਬ ਵਿੱਚ ਇੱਕ ਕੋਰੋਨਾ ਮਹਾਂਮਾਰੀ ਤੋਂ 217 ਲੋਕਾਂ ਦੀ ਮੌਤ ਹੋਈ। ਪਿਛਲੇ ਕਈ ਦਿਨਾਂ ਤੋਂ ਕੋਵਿਡ -19 ਕਾਰਣ ਸੂਬੇ ਵਿੱਚ ਹਰ ਰੋਜ਼ 100 ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਆ ਰਹੀ ਹੈ। ਲੁਧਿਆਣਾ ਪੰਜਾਬ ਦੇ ਸਭ ਤੋਂ ਪ੍ਰਭਾਵਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜਿਥੇ ਇਸ ਸਾਲ 1 ਅਪ੍ਰੈਲ ਤੋਂ 14 ਮਈ ਤੱਕ 538 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਦੌਰਾਨ, ਅੰਮ੍ਰਿਤਸਰ ਵਿੱਚ ਮਹਾਂਮਾਰੀ ਦੇ ਕਾਰਨ 515 ਲੋਕਾਂ ਦੀ ਮੌਤ ਹੋ ਗਈ। ਇਸੇ ਸਮੇਂ ਦੌਰਾਨ 396 ਲੋਕਾਂ ਦੀ ਮੌਤ ਪਟਿਆਲੇ, ਬਠਿੰਡਾ ਵਿੱਚ 349, ਮੁਹਾਲੀ ਵਿੱਚ 307 ਅਤੇ ਜਲੰਧਰ ਵਿੱਚ 301 ਲੋਕਾਂ ਦੀ ਹੋਈ ਹੈ।

ਅਧਿਕਾਰੀਆਂ ਦੀ ਰਿਪੋਰਟ ਮੁਤਾਬਿਕ ਪੇਂਡੂ ਇਲਾਕਿਆਂ ਵਿੱਚ ਮੌਤ ਦਰ 2.6 ਪ੍ਰਤੀਸ਼ਤ ਹੈ, ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਇਹ ਦਰ 0.8 ਪ੍ਰਤੀਸ਼ਤ ਹੈ। ਪੰਜਾਬ ਵਿੱਚ ਪਿਛਲੇ 44 ਦਿਨਾਂ ਵਿੱਚ ਸੰਕ੍ਰਮਣ ਦੇ 2,44,250 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ 31 ਮਾਰਚ ਤੱਕ ਰਾਜ ਵਿੱਚ ਮਹਾਂਮਾਰੀ ਦੇ ਕੁੱਲ ਸੰਖਿਆ 2,39,734 ਸੀ ਜੋ ਕਿ 1 ਅਪ੍ਰੈਲ ਤੋਂ 14 ਮਈ ਤੱਕ ਵਧ ਕੇ 4,83,984 ਹੋ ਗਈ। ਲੁਧਿਆਣਾ, ਮੁਹਾਲੀ, ਬਠਿੰਡਾ, ਪਟਿਆਲਾ, ਜਲੰਧਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਸੰਕਰਮਣ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿਚ ਪਿਛਲੇ ਸ਼ੁੱਕਰਵਾਰ ਨੂੰ ਲਾਗ ਦੀ ਦਰ ਕਰੀਬ 11 ਪ੍ਰਤੀਸ਼ਤ ਸੀ।