ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ‘ਤੇ ਬੋਲਿਆ ਹਮਲਾ, ਜਾਣੋ ਕਿਉਂ ਕਿਹਾ- ਬਜਟ ਹੈ ਜਾਂ OLX
ਨੈਸ਼ਨਲ ਡੈਸਕ:- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਪਹਿਲੀ ਵਾਰ ਡਿਜਿਟਲ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੇ ਬਜਟ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਵਿਰੋਧੀ ਧਿਰ ਨੇ ਬਜਟ ਨੂੰ ਖੋਖਲਾ ਦੱਸਿਆ। ਖੱਬੇਪੱਖੀ ਨੇਤਾ ਮੁਹੰਮਦ ਸਲੀਮ ਅਲੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਸਰਕਾਰ ਨੇ ਇਸ ਬਜਟ ‘ਚ ਰੇਲ, ਬੈਂਕ, ਬੀਮਾ, ਰੱਖਿਆ ਅਤੇ ਸਟੀਲ ਸਭ ਕੁਝ ਵੇਚਣ ਜਾ ਰਹੀ ਹੈ। ਇਹ ਬਜਟ ਹੈ ਜਾਂ OLX ਬਜਟ ‘ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ, ਮੋਦੀ ਸਰਕਾਰ ਉਨ੍ਹਾਂ ਨੂੰ ਇਕ ਗੈਰਾਜ ਮਕੈਨਿਕ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਕਲਾਇੰਟ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਕਾਰ ‘ਤੇ ਬ੍ਰੇਕ ਠੀਕ ਨਹੀਂ ਕਰ ਸਕਦਾ, ਇਸ ਲਈ ਮੈਂ ਹੋਰਨ ਦੀ ਆਵਾਜ਼ ਵਧਾ ਦਿੱਤੀ ਹੈ।
ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਕਿ, ਵਿੱਤ ਮੰਤਰੀ ਦੇ ਭਾਸ਼ਣ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ, ਜੀਡੀਪੀ ਵਿੱਚ ਰਿਕਾਰਡ 37 ਮਹੀਨੇ ਦੀ ਗਿਰਾਵਟ ਆਈ ਹੈ। ਇਹ 1991 ਤੋਂ ਬਾਅਦ ਦਾ ਸਭ ਤੋਂ ਵੱਡਾ ਸੰਕਟ ਹੈ। ਤਿਵਾੜੀ ਨੇ ਦਾਅਵਾ ਕੀਤਾ ਕਿ, ਦੇਸ਼ ਦੀ ਕੀਮਤੀ ਜਾਇਦਾਦ ਵੇਚਣ ਤੋਂ ਇਲਾਵਾ ਬਜਟ ‘ਚ ਕੋਈ ਵੱਡੇ ਬਦਲਾਅ ‘ਤੇ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ, ਮੁੱਖ ਗੱਲ ਅਰਥ ਵਿਵਸਥਾ ਨੂੰ ਅੱਗੇ ਵਧਾਉਣਾ ਨਹੀਂ, ਸਿਰਫ ਦੇਸ਼ ਦੀਆਂ ਕੀਮਤੀ ਜਾਇਦਾਦਾਂ ਨੂੰ ਵੇਚਣਾ ਹੈ।
ਦੱਸ ਦੇਈਏ ਕਿ, ਜਦੋਂ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਸਨ, ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਹਨੂੰਮਾਨ ਬੈਨੀਵਾਲ ਨੇ ਪਿਛਲੇ ਤਿੰਨ ਖੇਤੀਬਾੜੀ ਕਾਨੂੰਨਾਂ ਬਾਰੇ ਵਿਰੋਧ ਜਤਾਇਆ। ਉਨ੍ਹਾਂ ਲੋਕਸਭਾ ਦੇ ਬਾਹਰ ਹੱਥ ‘ਚ ਤਖ਼ਤੀਆਂ ਫੱੜ ਕੇਂਦਰ ਸਰਕਾਰ ਦੇ ਲਾਗੂ ਕੀਤੇ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਵਿਰੋਧ ਕਰ ਰਹੇ ਤਿੰਨੇ ਸੰਸਦ ਮੈਂਬਰ ਸਦਨ ਦੇ ਗਲਿਆਰੇ ਵਿੱਚ ਖੜੇ ਸਨ।