ਹੁਣ ਨਵਜੋਤ ਸਿੱਧੂ ਦੇ ਸਲਾਹਕਾਰ ਨੇ ਇੰਦਰਾ ਗਾਂਧੀ ਬਾਰੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਆਹ ਪੋਸਟ, ਛਿੜ ਗਿਆ ਨਵਾਂ ਵਿਵਾਦ
ਨਵਜੋਤ ਸਿੰਘ ਜਿਵੇ ਆਪ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨ ਦੇ ਰਹੇ ਹਨ ਉਸੇ ਦੀ ਤਰਜ ਤੇ ਉਹਨਾਂ ਦੇ ਸਲਾਹਕਾਰ ਵੀ ਕਾਂਗਰਸ ਤੇ ਨਿਸ਼ਾਨੇ ਲਗਾ ਰਹੇ ਹਨ। ਇਸ ਵਾਰ ਸਿੱਧੂ ਦੇ ਨਵ-ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਕਸ਼ਮੀਰ ‘ਤੇ ਦਿੱਤਾ ਗਿਆ ਵਿਵਾਦ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਹੁਣ ਉਨ੍ਹਾਂ ਦੇ ਫੇਸਬੁੱਕ ਪੇਜ਼ ‘ਤੇ ਲੱਗੀ ਫੋਟੋ ਕਾਂਗਰਸੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕੁਝ ਸੀਨੀਅਰ ਟਕਸਾਲੀ ਆਗੂਆਂ ਨੇ ਇਸ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਮਾਲਵਿੰਦਰ ਮਾਲੀ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੇ ਇੰਦਰਾ ਗਾਂਧੀ ਸਬੰਧੀ ਪੋਸਟਰ ਹਟਾਉਣ ਤੋਂ ਰੋਕੇ ਪਰ ਸਿੱਧੂ ਨੇ ਫਿਲਹਾਲ ਉਨ੍ਹਾਂ ਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਹੈ।
ਮਾਲਵਿੰਦਰ ਮਾਲੀ ਨੇ ਆਪਣੇ ਫੇਸਬੁੱਕ ਪੇਜ਼ ਤੇ 80 ਤੇ 90 ਦੇ ਦਸ਼ਕ ‘ਚ ਉਨ੍ਹਾਂ ਵੱਲੋਂ ਸੰਪਾਦਿਤ ਮੈਗਜ਼ੀਨ ਜਨਤਕ ਪੈਗਾਮ ਦੀ ਮੁੱਖ ਪੇਜ਼ ਦੀ ਫੋਟੋ ਲਾਈ ਹੋਈ ਹੈ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਸਵ.ਇੰਦਰਾ ਗਾਂਧੀ ਨੂੰ ਹੱਥ ‘ਚ ਬੰਦੂਕ ਲਏ ਦਿਖਾਇਆ ਹੋਇਆ ਹੈ ਤੇ ਉਸ ਬੰਦੂਕ ਦੇ ਸਿਰੇ ‘ਤੇ ਇਕ ਕੰਕਾਰ ਲਟਕ ਰਿਹਾ ਹੈ। ਇੰਦਰਾ ਗਾਂਧੀ ਦੇ ਪਿੱਛੇ ਵੀ ਕੰਕਾਲਾਂ ਦਾ ਢੇਰ ਲੱਗਾ ਹੋਇਆ ਹੈ। ਪੇਜ਼ ‘ਤੇ ਪੰਜਾਬੀ ‘ਚ ਲਿਖਿਆ ਕਿ ਹਰ ਜਾਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ।
ਕਾਂਗਰਸ ‘ਚ ਗਾਂਧੀ ਪਰਿਵਾਰ ਦੇ ਕਰੀਬਿਆਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਕਾਂਗਰਸ ਦੇ ਪ੍ਰਧਾਨ ਦਾ ਸਲਾਹਕਾਰ ਇਸ ਤਰ੍ਹਾਂ ਦੇ ਫੋਟੋ ਆਪਣੇ ਪੇਜ਼ ‘ਤੇ ਲਾਉਣ। ਉਹ ਵੀ ਨਵਜੋਤ ਸਿੰਘ ਸਿੱਧੂ ਵਰਗਾ ਪ੍ਰਧਾਨ ਜੋ ਆਪਣੇ ਆਪ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦਾ ਕਰੀਬੀ ਦੱਸਦਾ ਹੈ। ਉਨ੍ਹਾਂ ਦਾ ਦਾਦੀ ਖ਼ਿਲਾਫ਼ ਇਸ ਤਰ੍ਹਾਂ ਦਾ ਪੇਜ਼ ਲਾਉਣਾ ਅਜਿਹੇ ਕਾਂਗਰਸੀਆਂ ਨੂੰ ਕਿਵੇਂ ਰਾਸ ਆ ਸਕਦਾ ਹੈ।ਦਰਅਸਲ, ਇਹ ਫੋਟੋ 84 ‘ਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਦਿਖਾਉਂਦਾ ਹੈ ਤੇ ਇਸ ਮੁੱਦੇ ‘ਤੇ ਹਮੇਸ਼ਾ ਹੀ ਕਾਂਗਰਸ ਘਿਰਦੀ ਰਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖਿਰ ਇਹ ਵਿਵਾਦ ਕਿੰਨਾ ਗਹਿਰਾਉਂਦਾ ਹੈ।