ਹੁਣ ਕੈਪਟਨ ਦੇ ਹੱਕ ‘ਚ ਆਏ 10 ਵਿਧਾਇਕ, ਕੀਤੀ ਹਾਈਕਮਾਨ ਨੂੰ ਇਹ ਮੰਗ

ਪੰਜਾਬ ਕਾਂਗਰਸ ‘ਚ ਕਸ਼ਮਕਸ਼ ਜਾਰੀ ਹੈ ਇਸੇ ਦੇ ਚਲਦੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ‘ਚ 10 ਵਿਧਾਇਕ ਆ ਗਏ ਹਨ। ਜਿਹਨਾਂ ਨੇ ਹਾਈ ਕਮਾਨ ਦੇ ਸਾਹਮਣੇ ਕੈਪਟਨ ਦਾ ਪੱਖ ਪੂਰੀਆ ਹੈ। ਇਨ੍ਹਾਂ 10 ਵਿਧਾਇਕਾਂ ‘ਚ ਸੁਖਪਾਲ ਸਿੰਘ ਖਹਿਰਾ, ਹਰਮਿੰਦਰ ਗਿੱਲ (ਪੱਟੀ) ਫਤਿਹਜੰਗ ਬਾਜਵਾ (ਕਾਦੀਆਂ), ਕੁਲਦੀਪ ਗਿੱਲ, ਬਲਵਿੰਦਰਲਾਡੀ, ਸੰਤੋਖ ਸਿੰਘ, ਜਗਦੇਵ ਕਮਾਲੂ ਦੇ ਨਾਮ ਮੁੱਖ ਹਨ।


ਜੇਕਰ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ 10 ਵਿਧਾਇਕਾਂ ਨੇ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਹਾਈਕਮਾਨ ਨੂੰ ਕੋਈ ਵੀ ਫ਼ੈਸਲੇ ਲੈਣ ਤੋਂ ਪਹਿਲਾਂ ਕੈਟਪਨ ਦੀ ਭੂਮਿਕਾ ਨੂੰ ਧਿਆਨ ‘ਚ ਰੱਖਣ ਦੀ ਗੱਲ ਕਹੀ ਗਈ ਹੈ। ਕੈਟਪਨ ਦੇ ਹੱਕ ‘ਚ ਬਿਆਨ ਜਾਰੀ ਕਰਦੇ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।


ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਇਸ ਦੇ ਨਾਲ ਹੀ ਵਿਧਾਇਕਾਂ ਵੱਲੋਂ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਨਿਸ਼ਾਨਾ ਸਾਧਦੇ ਹੋਏ ਵਿਧਾਇਕਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਨਤਕ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਆਪਣੀ ਹੀ ਪਾਰਟੀ ‘ਤੇ ਚੁੱਕੇ ਗਏ ਸਵਾਲਾਂ ਦਾ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਹੈ ਕਿ ਹਾਈਕਮਾਨ ਉਨ੍ਹਾਂ ਦੇ ਇਨ੍ਹਾਂ ਸੁਝਾਵਾਂ ‘ਤੇ ਧਿਆਨ ਦੇਵੇਗਾ।


ਇਨ੍ਹਾਂ ਸਾਰੇ ਵਿਧਾਇਕਾਂ ਨੇ ਕਿਹਾ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਅਤੇ ਇਸ ਮਗਰੋਂ ਹੋਈ ਸਿੱਖ ‘ਨਸਲਕੁਸ਼ੀ’ ਤੋਂ ਬਾਅਦ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੀ ਕਾਂਗਰਸ ਪੰਜਾਬ ਵਿਚ ਮੁੜ ਸੱਤਾ ਵਿਚ ਆਈ ਸੀ। ਇਨ੍ਹਾਂ ਆਗੂਆਂ ਨੇ ਹਾਈ ਕਮਾਂਡ ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਅਸਤੀਫਾ ਵੀ ਚੇਤੇ ਕਰਵਾਇਆ।


ਅਜਿਹੇ ਚ ਕਾਂਗਰਸ ਹਾਈ ਕਮਾਨ ਵਲੋਂ ਫੈਸਲਾ ਲੈਣਾ ਹੋਰ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਇਸ ਦਾ ਕੀ ਹੱਲ ਨਿਕਲਦਾ ਹੈ।

MUST READ