ਨਿਧੜਕ ਸਿੰਘ ਬਰਾੜ ਵਲੋਂ ਅਕਾਲੀ ਦਲ ਸੰਯੁਕਤ ਤੋਂ ਸਿਆਸੀ ਛੁੱਟੀ ? ਜਾਂ ਫਿਰ ਪੱਕੀ ਵਿਦਾਈ
ਸਿਆਸੀ ਪਾਰਟੀਆਂ ਦੇ ਮੋਹਰੀ ਰਾਜਸੀ ਆਗੂਆਂ ਵਿਚ ਆਪਣੀ ਵੱਖਰੀ ਪਹਿਚਾਣ ਅਤੇ ਚੰਗੇ ਸਿਆਸੀ ਭਵਿੱਖ ਵਕਤਾ ਦੇ ਤੌਰ ‘ਤੇ ਜਾਣੇ ਜਾਂਦੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਵਲੋਂ ਅਕਾਲੀ ਦਲ ਸੰਯੁਕਤ ਤੋਂ 15 ਅਗਸਤ ਤੋਂ 15 ਨਵੰਬਰ 2021 ਤੱਕ ਤਿੰਨ ਮਹੀਨੇ ਦੀ ਸਿਆਸੀ ਛੁੱਟੀ ਲੈਣ ਬਾਰੇ ਜਿਉਂ ਹੀ ਚਿੱਠੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਤਾਂ ਰਾਜਨੀਤਕ ਸਫ਼ਾਂ ਵਿਚ ਨਵੀਂ ਚਰਚਾ ਛਿੜ ਗਈ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪੁਨਰਗਠਨ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਨੂੰ ਆਖ਼ਰ ਅਜਿਹੇ ਕਿਹੜੇ ਘਰੇਲੂ ਰੁਝੇਵੇਂ ਆਨ ਪਏ ਹਨ ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਤਿੰਨ ਮਹੀਨੇ ਦੀ ਛੁੱਟੀ ਲੈਣ ਬਾਰੇ ਚਿੱਠੀ ਲਿਖਣੀ ਪੈ ਗਈ ।
ਸਭ ਤੋਂ ਵੱਧ ਦਿਲਚਸਪ ਗੱਲ ਇਹ ਹੈ ਕਿ ਇਸ ਚਿੱਠੀ ਨੂੰ ਆਖ਼ਰ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਕੇ ਜਨਤਕ ਕਿਉਂ ਕੀਤਾ ਗਿਆ ਹੈ ਜਦੋਂ ਕਿ ਇਸ ਛੁੱਟੀ ਲਈ ਉਹ ਨਿੱਜੀ ਤੌਰ ‘ਤੇ ਵੀ ਪਾਰਟੀ ਪ੍ਰਧਾਨ ਨੂੰ ਸੂਚਿਤ ਕਰ ਸਕਦੇ ਸਨ ਅਤੇ ਇਹੀ ਕਾਰਨ ਹੈ ਕਿ ਨਿਧੜਕ ਸਿੰਘ ਬਰਾੜ ਵਲੋਂ ਜੋ ਇਹ ਸਿਆਸੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਉਹ ਸਿਆਸੀ ਜੋਤਸ਼ੀਆਂ ਦੇ ਗਲੇ ਤੋਂ ਹੇਠਾਂ ਨਹੀਂ ਉੱਤਰ ਰਿਹਾ ਕਿ ਆਖ਼ਰ ਰਾਜ ਸੂਚਨਾ ਕਮਿਸ਼ਨਰ ਤੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਸੁਖਦੇਵ ਸਿੰਘ ਢੀਂਡਸਾ ਵਰਗੇ ਸਿਰਕੱਢ ਆਗੂ ਦੀ ਅਗਵਾਈ ਹੇਠ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਵਾਲੇ ਇਸ ਆਗੂ ਨੂੰ ਏਨੀ ਜਲਦੀ ਕਿਉਂ ਪਾਰਟੀ ਤੋਂ ਛੁੱਟੀ ਲੈਣੀ ਪੈ ਰਹੀ ਹੈ ਜਦੋਂ ਕਿ ਇਸ ਵਾਰ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਵਲੋਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹੁਣੇ ਤੋਂ ਹੀ ਸਿਆਸੀ ਸਰਗਰਮੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ 2022 ਦੀਆਂ ਚੋਣਾਂ ਲਈ ਮੈਦਾਨ ਆਪਣੇ ਹੱਕ ਵਿਚ ਕੀਤਾ ਜਾ ਸਕੇ ਪਰ ਅਜਿਹੇ ਸਮੇਂ ਅਕਾਲੀ ਦਲ ਸੰਯੁਕਤ ਦੇ ਇਸ ਆਦਮ ਕੱਦ ਵਾਲੇ ਆਗੂ ਦਾ ਪਾਰਟੀ ਤੋਂ ਘਰੇਲੂ ਰੁਝੇਵਿਆਂ ਦੇ ਨਾਂਅ ਹੇਠ ਤਿੰਨ ਮਹੀਨੇ ਦੀ ਛੁੱਟੀ ‘ਤੇ ਚਲੇ ਜਾਣਾ ਇਹ ਸਾਬਤ ਕਰਦਾ ਹੈ ਕਿ ਜਿੱਥੇ ਅਕਾਲੀ ਦਲ ਸੰਯੁਕਤ ਤੇ ਨਿਧੜਕ ਸਿੰਘ ਬਰਾੜ ਦਾ ਸਿਆਸੀ ਸਫ਼ਰ ਹੁਣ ਸੁਖਾਵਾਂ ਨਹੀਂ ਜਾਪਦਾ ਉੱਥੇ ਆਉਣ ਵਾਲੇ ਦਿਨਾਂ ਵਿਚ ਨਿਧੜਕ ਸਿੰਘ ਬਰਾੜ ਆਪਣੇ ਸਿਆਸੀ ਪੱਤੇ ਖੋਲ੍ਹ ਕੇ ਸਭ ਨੂੰ ਹੈਰਾਨ ਕਰ ਦੇਣ ਤਾਂ ਅਸਚਰਜ ਨਹੀਂ ਹੋਵੇਗਾ ਪਰ ਹਾਲ ਦੀ ਘੜੀ ਤਾਂ ਉਨ੍ਹਾਂ ਦੀ ਇਹ ਤਿੰਨ ਮਹੀਨੇ ਦੀ ਸਿਆਸੀ ਛੁੱਟੀ ਸਭ ਲਈ ਜਿੱਥੇ ਬੁਝਾਰਤ ਬਣੀ ਹੋਈ ਹੈ ।
ਨਿਧੜਕ ਸਿੰਘ ਬਰਾੜ ਨਾਲ ਜਦੋਂ ਇਸ ਚਿੱਠੀ ਦੇ ਰਾਜ ਖੋਲ੍ਹਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦਾ ਨਪਿਆ ਤੁਲਿਆ ਸਿਆਸੀ ਜੁਆਬ ਇਹੀ ਸੀ ਕਿ ਹਾਲ ਦੀ ਘੜੀ ਉਹ ਘਰੇਲੂ ਰੁਝੇਵਿਆਂ ਕਾਰਨ ਪਾਰਟੀ ਦੀ ਕਿਸੀ ਵੀ ਸਿਆਸੀ ਗਤੀਵਿਧੀ ਵਿਚ ਹਿੱਸਾ ਨਹੀਂ ਲੈ ਸਕਦੇ ਹਨ, ਇਸ ਤੋਂ ਵੱਧ ਕੁਝ ਨਹੀਂ ਹੈ ਪਰ ਇੱਥੇ ਇਹ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ ਕਿ ਨਿਧੜਕ ਸਿੰਘ ਬਰਾੜ ਪਿਛਲੇ ਤਿੰਨ ਚਾਰ ਮਹੀਨੇ ਤੋਂ ਸਿਆਸੀ ਸਫ਼ਾਂ ਵਿਚੋਂ ਗ਼ਾਇਬ ਹੀ ਸਨ ਅਤੇ ਉਨ੍ਹਾਂ ਨੇ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਤੋਂ ਵੀ ਦੂਰੀ ਬਣਾ ਕੇ ਰੱਖੀ ਹੋਈ ਸੀ ਤੇ ਇੱਥੋਂ ਤੱਕ ਕਿ ਪਾਰਟੀ ਵਲੋਂ ਜੋ ਪਿਛਲੇ ਮਹੀਨੇ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਸੀ ਉਸ ਵਿਚ ਸ਼ਮੂਲੀਅਤ ਨਹੀਂ ਕੀਤੀ ਸੀ, ਜਿਸ ਕਰਕੇ ਉਨ੍ਹਾਂ ਬਾਰੇ ਗਾਹੇ ਵਗਾਹੇ ਤਰ੍ਹਾਂ ਤਰ੍ਹਾਂ ਸਿਆਸੀ ਕਨਸੋਆਂ ਸੁਣਨ ਨੂੰ ਮਿਲ ਰਹੀਆਂ ਸਨ ਜੋ ਹੁਣ ਸੱਚ ਹੁੰਦੀਆਂ ਜਾਪ ਰਹੀਆਂ ਹਨ |