ਸਿਸਵਾਂ ਹਾਉਸ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਨਵਜੋਤ ਸਿੱਧੂ, ਚਿੱਠੀ ਸੌਂਪ ਕੇ ਕੀਤੀ ਇਹ ਮੰਗ

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਕੈਪਟਨ ਅਤੇ ਸਿੱਧੂ ਵਿਚਾਲੇ ਇਹ ਮੁਲਾਕਾਤ ਸਿਸਵਾਂ ਫਾਰਮ ਹਾਊਸ ਵਿਖੇ ਕੀਤੀ ਗਈ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਕੁਲਜੀਤ ਨਾਗਰਾ ਵੀ ਮੌਜੂਦ ਸਨ। ਇਸ ਮੌਕੇ ਨਵਜੋਤ ਸਿੱਧੂ ਨੇ ਕਾਰਕੁੰਨਾਂ ਦੀ ਫੀਡਬੈਕ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਇਆ। ਨਵਜੋਤ ਸਿੱਧੂ ਨੇ ਕੈਪਟਨ ਨੂੰ ਇਕ ਚਿੱਠੀ ਸੌਂਪੀ। ਇਸ ਚਿੱਠੀ ‘ਚ ਮੰਗ ਕੀਤੀ ਗਈ ਹੈ ਕਿ ਜੇਕਰ ਕੈਬਨਿਟ ਮੰਤਰੀ ਰੋਜ਼ਾਨਾ ਇਕ ਮੰਤਰੀ ਦੇ ਆਧਾਰ ‘ਤੇ ਪੰਜਾਬ ਕਾਂਗਰਸ ਭਵਨ ‘ਚ ਬੈਠਣ ਤਾਂ ਜੋ ਅਹਿਮ ਮਸਲਿਆਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ।


ਚਿੱਠੀ ‘ਚ ਲਿਖਿਆ ਗਿਆ ਕਿ ਕਾਂਗਰਸੀ ਵਰਕਰਾਂ, ਯੂਨੀਅਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਸੁਣਨ ਲਈ ਮੰਤਰੀ ਜੇਕਰ ਹਫ਼ਤੇ ਦੇ ਪੰਜ ਦਿਨ ਪੰਜਾਬ ਕਾਂਗਰਸ ਭਵਨ ‘ਚ ਨਿਯਮਿਤ ਘੰਟੇ ਬਿਤਾਉਂਦਿਆਂ ਤੁਰੰਤ ਕਾਰਵਾਈ ਕਰਨ ਤਾਂ ਆਪਣੀ ਸੇਵਾ ਨਿਭਾਉਣ ਦਾ ਇਹ ਇਕ ਵਧੀਆ ਤਰੀਕਾ ਹੋਵੇਗਾ। ਇਸ ‘ਤੇ ਕੈਪਟਨ ਨੇ ਤੁਰੰਤ ਨਵਜੋਤ ਸਿੰਘ ਸਿੱਧੂ ਦੀ ਮੰਗ ਮੰਨਦਿਆਂ ਆਪਣੇ ਮੰਤਰੀਆਂ ਦੀਆਂ ਪੰਜਾਬ ਕਾਂਗਰਸ ਭਵਨ ਵਿਖੇ ਬੈਠਣ ਸਬੰਧੀ ਡਿਊਟੀਆਂ ਲਾ ਦਿੱਤੀਆਂ ਹਨ। ਇਸ ਸਬੰਧੀ ਨਵਜੋਤ ਸਿੱਧੂ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਕਿ ਮੰਤਰੀਆਂ ਦੇ ਰੋਸਟਰ ਦੇ ਪ੍ਰਪੋਜ਼ਲ ਬਾਰੇ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸੁਖਾਵੇਂ ਅਤੇ ਸਕਾਰਾਤਮਕ ਮਾਹੌਲ ‘ਚ ਮੀਟਿੰਗ ਹੋਈ ਹੈ।

MUST READ