Watch video: ਨਵਜੋਤ ਕੌਰ ਨੇ ਬਕਾਇਆ ਬਿਜਲੀ ਬਿੱਲ ‘ਤੇ ਸਪਸ਼ਟੀਕਰਨ ਦਿੰਦਿਆਂ ਸੁਖਬੀਰ ਬਾਦਲ ‘ਤੇ ਸਾਧਿਆ ਨਿਸ਼ਾਨਾ
ਪੰਜਾਬੀ ਡੈਸਕ:– ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਹੁਣ 8 ਲੱਖ 67 ਹਜ਼ਾਰ 540 ਰੁਪਏ ਤੋਂ ਵੱਧ ਦੇ ਬਕਾਇਆ ਬਿਜਲੀ ਬਿੱਲ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਸੁਆਲਾਂ ਦੇ ਘੇਰੇ ‘ਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ, ਸੁਖਬੀਰ ਬਾਦਲ ਅਜਿਹੇ ਵਿਅਕਤੀ ‘ਤੇ ਸੁਆਲ ਚੁੱਕ ਰਹੇ ਹਨ, ਜਿਸ ਨੇ ਆਪਣੀ ਜੇਬ ਵਿਚੋਂ ਲੱਖਾਂ ਰੁਪਏ ਜਨਤਾ ਦੀ ਸੇਵਾ ਵਿਚ ਖਰਚ ਕੀਤੇ ਹਨ।
ਸੁਖਬੀਰ ਨੇ ਚਵੰਨੀ ਵੀ ਆਪਣੀ ਜੇਬ ਵਿਚੋਂ ਕਦੇ ਲੋਕਾਂ ਨੂੰ ਨਹੀਂ ਦਿੱਤੀ। ਇਥੋਂ ਤੱਕ ਕਿ, ਬਾਦਲ ਪਰਿਵਾਰ ਨੇ ਇਲਾਜ ਲਈ ਸਰਕਾਰ ਤੋਂ ਪੈਸੇ ਇਕੱਠੇ ਕੀਤੇ। ਇਸਦੇ ਉਲਟ, ਸਿੱਧੂ ਨੇ ਅੱਜ ਤੱਕ ਜੇਬ ਵਿੱਚੋਂ ਆਪਣੇ ਸਾਰੇ ਬਿਜਲੀ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਹੈ। ਸਰਕਾਰ ਤੋਂ ਪੈਸੇ ਨਹੀਂ ਲਏ। ਉਨ੍ਹਾਂ ਨੇ ਆਪਣਾ ਇਲਾਜ ਵੀ ਨਿੱਜੀ ਪੈਸੇ ਤੋਂ ਕਰਵਾਇਆ। ਜਿੱਥੋਂ ਤੱਕ ਬਕਾਇਆ ਬਿੱਲ ਦਾ ਸਬੰਧ ਹੈ, ਇਹ ਬਿੱਲ ਇਸ ਲਈ ਪੈਂਡਿੰਗ ਹੈ ਕਿਉਂਕਿ ਸਿੱਧੂ ਦੀ ਤਰਫੋਂ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਗਈ ਸੀ ਕਿਉਂਕਿ ਸਰਦੀਆਂ ਅਤੇ ਗਰਮੀਆਂ ਦੇ ਬਿੱਲ ਬਰਾਬਰ ਸਨ। ਇਸੇ ਲਈ ਇਹ ਪੁੱਛਿਆ ਗਿਆ ਕਿ, ਇਕ ਘਰ ਵਿਚ ਸਿਰਫ 2 ਲੋਕ ਰਹਿੰਦੇ ਹਨ, ਫਿਰ ਇੰਨਾ ਉੱਚਾ ਬਿੱਲ ਕਿਵੇਂ ਆ ਸਕਦਾ ਹੈ, ਇਸ ਦੀ ਜਾਂਚ ਕੀਤੀ ਜਾਏ। ਬਿਜਲੀ ਵਿਭਾਗ ਨੇ ਵੀ ਇਸ ਅਪੀਲ ਨੂੰ ਸਵੀਕਾਰ ਕਰ ਲਿਆ ਹੈ।
ਨਵਜੋਤ ਕੌਰ ਨੇ ਕਿਹਾ ਕਿ, ਕੋਰੋਨਾ ਕਾਲ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਨੇ ਨਿੱਜੀ ਤੌਰ ‘ਤੇ ਗਰੀਬਾਂ ਨੂੰ ਰਾਸ਼ਨ ਦਿੱਤਾ। ਸੁਖਬੀਰ ਦੱਸ ਕਿੰਨੇ ਲੋਕਾਂ ਨੂੰ ਆਪਣੀ ਜੇਬ ਵਿਚੋਂ ਖਰਚ ਕੇ ਰਾਸ਼ਨ ਉਪਲਬਧ ਕਰਵਾਇਆ ਹੈ। ਜਦੋਂ ਸਿੱਧੂ ਐਮ ਪੀ ਵਜੋਂ ਅੰਮ੍ਰਿਤਸਰ ਗਏ ਸਨ ਤਾਂ ਉਨ੍ਹਾਂ ਨੇ ਆਪਣੀ ਜੇਬ ਵਿਚੋਂ ਡੇਢ ਕਰੋੜ ਰੁਪਏ ਹਰਿਆਲੀ ਲਈ ਦਿੱਤੇ ਸਨ। ਗਰੀਬਾਂ ਦੇ ਇਲਾਜ ਲਈ 25-25 ਲੱਖ ਰੁਪਏ ਦਿੱਤੇ ਗਏ। ਅਜਮੇਰ ਔਲਖ ਨੂੰ 8 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਨਵਜੋਤ ਕੌਰ ਸਿੱਧੂ ਇਥੇ ਨਹੀਂ ਰੁਕੀ, ਉਨ੍ਹਾਂ ਕਿਹਾ ਕਿ, ਉਹ ਖ਼ੁਦ ਸੁਖਬੀਰ ਬਾਦਲ ਦੇ ਨਾਲ ਰਹੀ ਹੈ ਅਤੇ ਉਸਨੇ ਵੇਖਿਆ ਹੈ ਕਿ, ਸੁਖਬੀਰ ਆਪਣੀ ਜੇਬ ਵਿੱਚ ਇੱਕ ਰੁਪਿਆ ਵੀ ਨਹੀਂ ਰੱਖਦਾ ਅਤੇ ਜਦੋਂ ਉਸਨੂੰ ਕੁਝ ਦੇਣਾ ਹੁੰਦਾ ਹੈ ਤਾਂ ਉਹ ਇਥੋਂ-ਉੱਥੋਂ ਪੈਸੇ ਫੜ ਕੇ ਦਿੰਦਾ ਹੈ।