ਬਾਰਡਰ ‘ਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਤੋਂ ਬਾਅਦ ਦਿੱਲੀ ਕੂਚ ਦੀ ਤਿਆਰੀ ‘ਚ ਨਰੇਸ਼ ਟਿਕੈਤ
ਪੰਜਾਬੀ ਡੈਸਕ:- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਗਾਜੀਪੁਰ ਬਾਰਡਰ ਵਿਖੇ ਅੰਦੋਲਨ ਦੀ ਅਗੁਵਾਈ ਕਰ ਰਹੇ ਰਾਕੇਸ਼ ਟਿਕੈਤ ਦੇ ਹੰਜੂਆਂ ਨੇ ਸੈਲਾਬ ਲੈ ਦਿੱਤਾ, ਜਿਸ ਤੋਂ ਬਾਅਦ ਇੱਕ ਵੱਡਾ ਹਜੂਮ ਮੁੜ ਧਰਨਾ ਸਥਲ ‘ਤੇ ਇਕੱਠਾ ਹੋ ਗਿਆ। ਕਿਸੇ ਵੀ ਅਣਚਾਹੀ ਘਟਨਾਵਾਂ ਤੋਂ ਬਚਾਅ ਲਈ ਬਾਰਡਰ ‘ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ, ਇਸਦੇ ਨਾਲ ਹੀ ਉਹ ਗਾਜੀਪੁਰ ਬਾਰਡਰ ‘ਤੇ ਇਸਦੇ ਆਲੇ-ਦੁਆਲੇ ਦੇ ਖੇਤਰ ‘ਚ ਇੰਟਰਨੈਟ ਸੇਵਾਵਾਂ’ ਤੇ ਰੋਕ ਲਗਾ ਦਿੱਤੀ ਗਈ। ਹਾਲਾਂਕਿ ਕਿਸਾਨ ਨੇਤਾਵਾਂ ਵਲੋਂ ਇੰਟਰਨੈਟ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਨ੍ਹਾਂ ਸਭ ਵਿਚਾਲੇ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਰਾਕੇਸ਼ ਟਿਕੈਤ ਦੇ ਭਰਾ ਨਰੇਸ਼ ਟਿਕੈਤ ਦਾ ਇੱਕ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ, ਕੱਲ੍ਹ ਬਾਗਪਤ ਵਿੱਚ ਪੰਚਾਇਤ ਤੋਂ ਬਾਅਦ ਅਸੀਂ ਦਿੱਲੀ ਵੱਲ ਕੂਚ ਕਰਾਂਗੇ। ਜੋ ਰਾਜਨੀਤੀ ਕਿਸਾਨਾਂ ਤੇ ਹੋ ਰਹੀ ਹੈ, ਉਸ ਬਾਰੇ ਪੰਚਾਇਤ ਵਿੱਚ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਸਿੰਘੂ ਬਾਰਡਰ ‘ਤੇ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ, ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਸਾਡੀਆਂ ਚੀਜ਼ਾਂ ਲੋਕਾਂ ਤੱਕ ਨਾ ਪਹੁੰਚ ਸਕਣ। ਉਨ੍ਹਾਂ ਕਿਹਾ ਕਿ, ਜੇਕਰ ਸਰਕਾਰ ਇੰਟਰਨੈੱਟ ਸੇਵਾ ਸ਼ੁਰੂ ਨਹੀਂ ਕਰਦੀ ਤਾਂ ਕਿਸਾਨ ਵਿਰੋਧ ਕਰਨਗੇ।
ਗਾਜੀਪੁਰ ਬਾਰਡਰ ‘ਤੇ ਇਕੱਠੇ ਹੋ ਰਹੇ ਕਿਸਾਨ
ਦੱਸ ਦੇਈਏ ਕਿ ਪੱਛਮੀ ਉੱਤਰ ਪ੍ਰਦੇਸ਼ ਤੋਂ ਤਕਰੀਬਨ 1000 ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਮੈਂਬਰਾਂ ਦੀ ਹਮਾਇਤ ਲਈ ਸ਼ੁੱਕਰਵਾਰ ਨੂੰ ਗਾਜ਼ੀਪੁਰ ਬਾਰਡਰ ਪਹੁੰਚੇ। ਇਸ ਦੇ ਨਾਲ ਹੀ, ਹਰਿਆਣਾ ਦੇ ਬਹੁਤ ਸਾਰੇ ਕਿਸਾਨਾਂ ਨੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੀ ਸਰਹੱਦ ਵੱਲ ਵਧਣ ਦਾ ਫੈਸਲਾ ਲਿਆ ਹੈ।

ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਇਸ ਸਬੰਧ ਵਿੱਚ ਕਿਸਾਨਾਂ ਨੂੰ ਜੋਸ਼ ਭਰਪੂਰ ਅਪੀਲ ਕੀਤੀ। ਵੀਰਵਾਰ ਦੀ ਰਾਤ ਨੂੰ ਪ੍ਰਦਰਸ਼ਨਕਾਰੀਆਂ ਦੀ ਗਿਣਤੀ 500 ਦੇ ਆਸਪਾਸ ਘਟਾ ਦਿੱਤੀ ਗਈ ਸੀ, ਜੋ ਕਿ ਲਗਭਗ 1000 ਕਿਸਾਨਾਂ ਦੇ ਆਉਣ ਤੋਂ ਬਾਅਦ ਵੱਧ ਗਈ ਹੈ। ਟਿਕੈਤ ਅਤੇ ਸਮਰਥਕਾਂ ਦੇ ਨਾਲ ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ‘ਤੇ ਖੜੇ ਹਨ, ਦੋਵਾਂ ਪਾਸਿਆਂ ਤੇ ਬਰਿਕੇਡਿੰਗ ਕੀਤੀ ਗਈ ਹੈ।

ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਬਹੁਤ ਸਾਰੇ ਕਿਸਾਨਾਂ ਨੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਵੱਲ ਵਧਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਨੇ ਗਾਜ਼ੀਆਬਾਦ ਪ੍ਰਸ਼ਾਸਨ ਦੇ ਕਿਸਾਨ ਲੀਡਰਾਂ ਨੂੰ ਲੁੱਕਆਉਟ ਨੋਟਿਸ ਜਾਰੀ ਕਰਨ ਅਤੇ ਵਿਰੋਧ ਸਥਾਨ ਖਾਲੀ ਕਰਨ ਲਈ ਅਲਟੀਮੇਟਮ ਦਾ ਵਿਰੋਧ ਕੀਤਾ। ਕਿਸਾਨਾਂ ਨੇ ਦਾਅਵਾ ਕੀਤਾ ਕਿ ਲੁੱਕਆਉਟ ਨੋਟਿਸ ਜਾਰੀ ਕੀਤੇ ਜਾਣ ਅਤੇ ਕਿਸਾਨਾਂ ਨੂੰ ਵਿਰੋਧ ਸਥਾਨ ਖਾਲੀ ਕਰਨ ਨੂੰ ਕਹਿਣ ‘ਤੇ ਇਹ ਅੰਦੋਲਨ ਕਮਜ਼ੋਰ ਨਹੀਂ ਹੋ ਸਕਦਾ। ਹਰਿਆਣੇ ਦੇ ਕਿਸਾਨ ਨੇਤਾਵਾਂ ਨੇ ਦਾਅਵਾ ਕੀਤਾ ਕਿ ਜੀਂਦ, ਕੈਥਲ, ਹਿਸਾਰ, ਭਿਵਾਨੀ ਅਤੇ ਸੋਨੀਪਤ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟਿਕੜੀ, ਸਿੰਘੂ ਅਤੇ ਗਾਜੀਪੁਰ ਸਰਹੱਦ ਵੱਲ ਵਧ ਰਹੇ ਹਨ।