ਕਾਂਗਰਸ ਦੀ ਪ੍ਰਧਾਨਗੀ ਲਈ ਮੁਨੀਸ਼ ਤਿਵਾੜੀ ਦਾ ਨਾਮ ਵੀ ਆਇਆ ਸਾਹਮਣੇ

ਰਾਹੁਲ ਵੱਲੋਂ ਪਾਰਟੀ ਵਿਚ ‘ਇਕ ਵਿਅਕਤੀ, ਇਕ ਅਹੁਦੇ’ ਦੀ ਵਕਾਲਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੀ ਪ੍ਰਧਾਨਗੀ ਬਹੁਤਾ ਸਮਾਂ ਗਾਂਧੀ ਪਰਿਵਾਰ ਕੋਲ ਹੀ ਰਹੀ ਹੈ। ਹੁਣ ਦੇਸ਼ ’ਚ ਕਾਂਗਰਸ ਪਾਰਟੀ ਬਿਲਕੁਲ ਹੀ ਹਾਸ਼ੀਏ ’ਤੇ ਜਾ ਚੁੱਕੀ ਹੈ ਅਤੇ ਪਾਰਟੀ ਦੀ ਪ੍ਰਧਾਨਗੀ ਗਾਂਧੀ ਪਰਿਵਾਰ ਤੋਂ ਸਿਵਾਏ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਚੱਲਦਿਆਂ 17 ਅਕਤੂਬਰ ਨੂੰ ਪ੍ਰਧਾਨਗੀ ਲਈ ਪਾਰਟੀ ਵਲੋਂ ਚੋਣ ਵੀ ਕਰਵਾਈ ਜਾ ਰਹੀ ਹੈ,ਜਿਸ ਨੂੰ ਲੈ ਕੇ ਨਾਮਜ਼ਦਗੀਆਂ 24 ਸਤੰਬਰ ਤੋਂ 30 ਸਤੰਬਰ ਤੱਕ ਭਰੀਆਂ ਜਾਣਗੀਆਂ।  

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਮਗਰੋਂ ਹੁਣ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਨਾਮ ਵੀ ਪਾਰਟੀ ਪ੍ਰਧਾਨ ਦੇ ਸੰਭਾਵੀ ਉਮੀਦਵਾਰਾਂ ਵਜੋਂ ਉਭਰਨ ਨਾਲ ਚੋਣ ਮੈਦਾਨ ਭਖ ਗਿਆ ਹੈ। ਦੋ ਦਹਾਕਿਆਂ ਵਿੱਚ ਪਹਿਲੀ ਵਾਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਵੇਖਣ ਨੂੰ ਮਿਲੇਗਾ, ਜਿਸ ਦੇ ਇਤਿਹਾਸਕ ਰਹਿਣ ਦੇ ਆਸਾਰ ਹਨ। ਸੋਨੀਆ ਗਾਂਧੀ 1998 ਤੋਂ ਪਾਰਟੀ ਪ੍ਰਧਾਨ ਹਨ ਤੇ ਇਸ ਦਰਮਿਆਨ ਦੋ ਸਾਲਾਂ ਲਈ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਵਾਰੀ ਮਿਲੀ ਸੀ।

ਉਧਰ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਪਾਰਟੀ ਵਿੱਚ ‘ਇਕ ਵਿਅਕਤੀ, ਇਕ ਅਹੁਦਾ’ ਨਿਯਮ ਦੀ ਵਕਾਲਤ ਕੀਤੀ ਹੈ। ਰਾਹੁਲ ਦੀ ਇਸ ਗੱਲ ਨਾਲ ਅਸ਼ੋਕ ਗਹਿਲੋਤ ਨੂੰ ਥੋੜ੍ਹੀ ਨਿਰਾਸ਼ਾ ਵੀ ਹੋਈ ਹੈ, ਕਿਉਂਕਿ ਗਹਿਲੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਜੇਕਰ ਉਹ ਕਾਂਗਰਸ ਪ੍ਰਧਾਨ ਬਣਦੇ ਹਨ ਤਾਂ ਮੁੱਖ ਮੰਤਰੀ ਦਾ ਅਹੁਦਾ ਵੀ ਉਨ੍ਹਾਂ ਕੋਲ ਹੀ ਰਹੇਗਾ। ਧਿਆਨ ਰਹੇ ਕਿ ਗਹਿਲੋਤ ਰਾਜਥਸਾਨ ਦੇ ਮੁੱਖ ਮੰਤਰੀ ਹਨ।  

MUST READ