ਜੈਸ਼ੰਕਰ ਦੇ ਲੰਦਨ ਜਾਣ ਵਾਲੇ ਵਫਦ ਦੇ ਮੈਂਬਰ ਕੋਰੋਨਾ ਪਾਜ਼ੀਟਿਵ, ਜੀ -7 ਬੈਠਕ ‘ਚ ਡਿਜੀਟਲ ਰੂਪ ‘ਚ ਹੋਣਗੇ ਸ਼ਾਮਿਲ
ਨੈਸ਼ਨਲ ਡੈਸਕ:– ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਗਏ ਯੂਕੇ ਦੇ ਦੋ ਵਫ਼ਦ ਮੇਂਬਰ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਕਾਰਨ ਵਿਦੇਸ਼ ਮੰਤਰੀ ਨੂੰ ਇਥੇ ਆਪਣੇ ਅਧਿਕਾਰਤ ਪ੍ਰੋਗਰਾਮਾਂ ਵਿਚ ਫੇਰਬਦਲ ਕਰਨਾ ਪਿਆ। ਜੈਸ਼ੰਕਰ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ, ਮੈਨੂੰ ਬੀਤੀ ਸ਼ਾਮ ਕੋਵਿਡ -19 ਤੋਂ ਸੰਕਰਮਿਤ ਹੋਣ ਦੇ ਸੰਪਰਕ ਦਾ ਪਤਾ ਲੱਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ, ਸਾਵਧਾਨੀ ਵਜੋਂ ਅਤੇ ਦੂਜਿਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮੈਂ ਆਪਣੇ ਪ੍ਰੋਗਰਾਮਾਂ ਨੂੰ ਡਿਜੀਟਲ ਢੰਗ ਨਾਲ ਕਰਵਾਉਣ ਦਾ ਫੈਸਲਾ ਕੀਤਾ ਹੈ।

ਐਸ. ਜੈਸ਼ੰਕਰ ਨੇ ਕਿਹਾ ਕਿ, ਉਹ ਅੱਜ ਦੀ ਜੀ -7 ਬੈਠਕ ਵਿਚ ਡਿਜੀਟਲ ਤਰੀਕੇ ਨਾਲ ਸ਼ਮੂਲੀਅਤ ਕਰਨਗੇ । ਸੂਤਰਾਂ ਅਨੁਸਾਰ ਵਫਦ ਦੇ ਦੋ ਮੈਂਬਰ ਮੰਗਲਵਾਰ ਨੂੰ ਕੋਵੀਡ -19 ਤੋਂ ਸੰਕਰਮਿਤ ਪਾਏ ਗਏ ਸਨ ਅਤੇ ਅਗਲੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜੈਸ਼ੰਕਰ ਸੋਮਵਾਰ ਨੂੰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਅਬ ਦੇ ਸੱਦੇ ‘ਤੇ ਲੰਡਨ ਪਹੁੰਚ ਗਏ, ਜਿੱਥੇ ਉਹ ਕਈ ਦੇਸ਼ਾਂ ਦੇ ਜੀ -7 ਸਮੂਹ ਦੇ ਵਿਦੇਸ਼ ਮੰਤਰੀਆਂ ਅਤੇ ਵਿਕਾਸ ਮੰਤਰੀਆਂ ਦੀ ਬੈਠਕ ‘ਚ ਸ਼ਿਰਕਤ ਕਰਨਗੇ।