ਮਮਤਾ ਬੈਨਰਜੀ ਦੇ ਭਰਾ ਬੇਹਿਸਾਬੀ ਜਾਇਦਾਦ ਬਣਾਉਣ ਦੇ ਆਰੋਪਾਂ ਵਿਚ ਘਿਰੇ
ਹਾਈਕੋਰਟ ਨੇ 11 ਨਵੰਬਰ ਤਕ ਹਲਫਨਾਮਾ ਪੇਸ਼ ਕਰਨ ਲਈ ਕਿਹਾ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੰਜ ਭਰਾ ਤੇ ਰਿਸ਼ਤੇਦਾਰ ਆਮਦਨ ਸਰੋਤਾਂ ਤੋਂ ਵਧ ਜਾਇਦਾਦ ਬਣਾਉਣ ਦੇ ਆਰੋਪਾਂ ਵਿਚ ਘਿਰ ਗਏ ਹਨ। ਹਾਈਕੋਰਟ ਨੇ ਉਨ੍ਹਾਂ ਨੂੰ 11 ਨਵੰਬਰ ਤਕ ਹਲਫਨਾਮਾ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਕੋਲਕਾਤਾ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਅਨੁਸਾਰ ਤਿ੍ਣਮੂਲ ਕਾਂਗਰਸ ਦੇ ਸਾਲ 2011 ਤੋਂ ਸੱਤਾ ਵਿਚ ਆਉਣ ਤੋਂ ਬਾਅਦ ਬੈਨਰਜੀ ਪਰਿਵਾਰ ਦੀ ਸੰਪਤੀ ਬੇਹਿਸਾਬੀ ਵਧੀ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕੋਲਕਾਤਾ ਦੀ ਹਰੀਸ਼ ਚੈਟਰਜੀ ਸਟਰੀਟ ’ਤੇ ਜ਼ਿਆਦਾਤਰ ਪ੍ਰਾਪਰਟੀ ਬੈਨਰਜੀ ਪਰਿਵਾਰ ਦੀ ਹੈ। ਮਮਤਾ ਦੀ ਭਾਬੀ ਕਜਰੀ ਬੈਨਰਜੀ ’ਤੇ ਵੀ ਕਈ ਜਾਇਦਾਦਾਂ ਮਾਰਕਿਟ ਰੇਟ ਤੋਂ ਘੱਟ ਕੀਮਤ ’ਤੇ ਖਰੀਦਣ ਦਾ ਆਰੋਪ ਹੈ। ਭਤੀਜਾ ਅਭਿਸ਼ੇਕ ਬੈਨਰਜੀ ਵੀ ਕਈ ਕੰਪਨੀਆਂ ਵਿਚ ਡਾਇਰੈਕਟਰ ਹੈ। ਹਾਲਾਂਕਿ, ਮਮਤਾ ਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਉਨ੍ਹਾਂ ਦਾ ਕੋਈ ਨਾਤਾ ਨਹੀਂ ਹੈ ਅਤੇ ਇਨ੍ਹਾਂ ਵਿਚੋਂ ਕੋਈ ਵੀ ਮੇਰੇ ਨਹੀਂ ਰਹਿੰਦਾ।
ਧਿਆਨ ਰਹੇ ਕਿ ਬੈਨਰਜੀ ਪਰਿਵਾਰ ਦੇ ਕੁੱਲ 6 ਮੈਂਬਰਾਂ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪ ਹਨ ਅਤੇ ਇਹ ਆਰੋਪ ਅਰਿਜੀਤ ਮਜੂਮਦਾਰ ਨੇ ਲਗਾਏ ਹਨ। ਮਜੂਮਦਾਰ ਨੇ ਅਮਿਤ ਬੈਨਰਜੀ, ਅਜੀਤ ਬੈਨਰਜੀ, ਸਮੀਰ ਬੈਨਰਜੀ, ਸਵੱਪਨ ਬੈਨਰਜੀ, ਗਣੇਸ਼ ਬੈਨਰਜੀ ਅਤੇ ਕਜਰੀ ਬੈਨਰਜੀ ਨੂੰ ਆਰੋਪੀ ਬਣਾਇਆ ਹੈ।