ਲੋਕਸਭਾ ਸਪੀਕਰ ਨੂੰ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਪੱਤਰ, ਕਹੀ ਵੱਡੀ ਗੱਲ !
ਪੰਜਾਬੀ ਡੈਸਕ :- ਵੀਰਵਾਰ ਨੂੰ 10 ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਿਹਾ ਕਿ, ਗਾਜੀਪੁਰ ਬਾਰਡਰ ‘ਤੇ ਸਥਿਤੀ ਭਾਰਤ-ਪਾਕਿਸਤਾਨ ਸਰਹੱਦ ਵਰਗੀ ਹੈ ਅਤੇ ਕਿਸਾਨਾਂ ਦੀ ਸਥਿਤੀ ਜੇਲ੍ਹ ਕੈਦੀਆਂ ਵਰਗੀ ਹੈ। ਪੁਲਿਸ ਨੇ ਇਨ੍ਹਾਂ ਪਾਰਟੀਆਂ ਦੇ 15 ਸੰਸਦ ਮੈਂਬਰਾਂ, ਜਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ, ਡੀਐਮਕੇ, ਐਨਸੀਪੀ ਅਤੇ ਤ੍ਰਿਣਮੂਲ ਕਾਂਗਰਸ ਸ਼ਾਮਲ ਸਨ, ਨੂੰ ਗਾਜੀਪੁਰ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ।
ਮਿਲੀ ਜਾਣਕਾਰੀ ਦੇ ਹਵਾਲੇ ਤੋਂ ਇਸ ਮੁਲਾਕਾਤ ਦਾ ਤਾਲਮੇਲ ਕਰਨ ਵਾਲੀ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਨੁਸਾਰ, ਨੇਤਾਵਾਂ ਨੂੰ ਬੈਰੀਕੇਡ ਪਾਰ ਕਰਨ ਅਤੇ ਵਿਰੋਧ ਸਥਾਨ ‘ਤੇ ਜਾਣ ਦੀ ਆਗਿਆ ਨਹੀਂ ਸੀ। ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਦੇ ਵਫ਼ਦ ਵਿੱਚ ਬਾਦਲ ਤੋਂ ਇਲਾਵਾ ਐਨ.ਸੀ.ਪੀ. ਦੀ ਸੁਪ੍ਰਿਯਾ ਸੁਲੇ, ਡੀਐਮਕੇ ਦੀ ਕੋਨੀਮੋਈ ਅਤੇ ਤਿਰੂਚੀ ਸਿਵਾ ਸ਼ਾਮਲ ਸਨ। ਉਨ੍ਹਾਂ ਦੇ ਨਾਲ ਨੈਸ਼ਨਲ ਕਾਨਫਰੰਸ, ਆਰਐਸਪੀ ਅਤੇ ਆਈਯੂਐਮਐਲ ਦੇ ਸੰਸਦ ਮੈਂਬਰ ਵੀ ਸਨ।

ਲੋਕਸਭਾ ਦੀ ਕਾਰਵਾਈ ਪੂਰੇ ਇੱਕ ਦਿਨ ਲਈ ਮੁਲਤਵੀ ਹੋਣ ਤੋਂ ਬਾਅਦ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਸਮੇਤ ਸੁਲੇ ਅਤੇ ਰਾਏ ਨੇ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੱਕ ਪੱਤਰ ਸੌਂਪਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ, ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ।