ਕਲਯੁਗੀ ਪਿਤਾ ਨੇ ਧੀ ਨੂੰ ਮਾਰੀ ਗੋਲੀ, ਜਾਣੋ ਕਿਉਂ
ਪੰਜਾਬੀ ਡੈਸਕ:- ਸ਼ਰਾਬੀ ਪਿਤਾ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਹਿਮਨੀਵਾਲਾ ਵਿੱਚ ਧੀ ਨੂੰ ਗੋਲੀ ਮਾਰ ਦਿੱਤੀ। ਗੋਲੀ ਧੀ ਦੇ ਗੋਡੇ ਦੇ ਉਪਰਲੇ ਹਿੱਸੇ ਤੇ ਲੱਗੀ। ਜ਼ਖਮੀ ਹਾਲਤ ਵਿੱਚ ਪੀੜਤ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ। ਦੂਜੇ ਪਾਸੇ ਥਾਣਾ ਵੈਰੋਕਾ ਨੇ ਵੀਰਵਾਰ ਨੂੰ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਉਸ ਸਮੇ ਤੋਂ ਹੀ ਦੋਸ਼ੀ ਪਿਤਾ ਫਰਾਰ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਕੀਰਤਪਾਲ ਕੌਰ ਨੇ ਕਿਹਾ ਕਿ, ਉਸ ਦਾ ਪਿਤਾ ਨਿਰੰਜਨ ਸਿੰਘ ਨਸ਼ਿਆਂ ਦਾ ਆਦੀ ਹੈ। ਉਸ ਦੀਆਂ ਦੋ ਭੈਣਾਂ ਅਤੇ ਇਕ ਛੋਟਾ ਭਰਾ ਹੈ। ਵੱਡੀ ਭੈਣ ਅੰਮ੍ਰਿਤਪਾਲ ਕੌਰ ਮੁਹਾਲੀ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦੀ ਹੈ, ਜਦੋਂ ਕਿ ਉਹ ਖ਼ੁਦ ਜਲਾਲਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ। ਦੋਵੇਂ ਭੈਣਾਂ ਦੀ ਤਨਖਾਹ ਨਾਲ ਘਰ ਦਾ ਗੁਜਾਰਾ ਹੁੰਦਾ ਹੈ। ਉਸ ਕੋਲ ਢਾਈ ਏਕੜ ਜ਼ਮੀਨ ਹੈ, ਉਹ ਵੀ ਵਕਫ਼ ਬੋਰਡ ਦੀ ਹੈ।

ਉਸ ਦਾ ਪਿਤਾ ਲੰਬੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਕਈ ਵਾਰ ਪਿਤਾ ਨੂੰ ਨਸ਼ਾ ਕਰਨ ਤੋਂ ਮਨ੍ਹਾ ਕੀਤਾ ਗਿਆ ਪਰ ਉਸ ਨੇ ਧੀਆਂ ਦੀ ਇੱਕ ਵੀ ਨਹੀਂ ਮੰਨੀ। ਬੁੱਧਵਾਰ ਨੂੰ ਦੋਵੇਂ ਭੈਣਾਂ ਘਰ ਸਨ ਅਤੇ ਰਾਤ ਦੇ ਅੱਠ ਵਜੇ ਉਨ੍ਹਾਂ ਦੇ ਪਿਤਾ ਘਰ ਆਏ ਅਤੇ ਨਸ਼ਿਆਂ ਲਈ ਪੈਸੇ ਦੀ ਮੰਗ ਕਰਨ ਲੱਗੇ, ਜਦੋਂ ਦੋਵੇਂ ਭੈਣਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੇ ਗੁੱਸੇ ਨਾਲ ਆਪਣੀ ਲਾਇਸੰਸ ਬੰਦੂਕ ਚੁੱਕ ਲਈ ਅਤੇ ਧੀ ‘ਤੇ ਗੋਲੀ ਚਲਾ ਦਿੱਤੀ।

ਕੀਰਤਪਾਲ ਕੌਰ ਬਚਣ ਲਈ ਪਸ਼ੂਆਂ ਦੇ ਕਮਰੇ ਵੱਲ ਭੱਜਣ ਲੱਗੀ, ਜਦੋਂ ਦੋਸ਼ੀ ਪਿਤਾ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਗੋਡਿਆਂ ਦੇ ਉਪਰਲੇ ਹਿੱਸੇ ਨੂੰ ਲੱਗੀ ਅਤੇ ਲੰਘੀ। ਜ਼ਖਮੀ ਭੈਣ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸੇ ਦੌਰਾਨ ਜਾਂਚ ਕਰ ਰਹੇ ਏਐਸਆਈ ਚੰਦਰਸ਼ੇਖਰ ਨੇ ਦੱਸਿਆ ਕਿ, ਮੁਲਜ਼ਮ ਪਿਤਾ ਨਿਰੰਜਨ ਸਿੰਘ ਖ਼ਿਲਾਫ਼ ਕਿਰਤਪਾਲ ਕੌਰ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ।