ਜੇਲ੍ਹਾਂ ਚੋ ਮੋਬਾਈਲ ਮਿਲਣ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬੇਤੁਕਾ ਬਿਆਨ, ਜਾਣੋ ਕਿ ਕਿਹਾ
ਪੰਜਾਬ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹਾਂ ’ਚੋਂ ਮੋਬਾਈਲ ਮਿਲਣ ਦੇ ਸਵਾਲ ’ਤੇ ਵਿਵਾਦਤ ਜਵਾਬ ਦੇ ਕੇ ਚਰਚਾ ਛੇੜ ਦਿੱਤੀ ਹੈ। ਰੰਧਾਵਾ ਨੇ ਕਿਹਾ ਕਿ ਜੇ ਹਿੰਦੋਸਤਾਨ ’ਚ ਪਾਕਿਸਤਾਨ ਤੋਂ ਡਰੋਨ ਆ ਸਕਦਾ ਤਾਂ ਫੜਦੇ ਹੀ ਆਂ, ਛੱਡਦੇ ਤਾਂ ਨਹੀਂ..। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਮੋਬਾਈਲ ਬਰਾਮਦ ਕੀਤੇ ਜਾਂਦੇ ਹਨ, ਛੱਡੇ ਨਹੀਂ, ਪ੍ਰੰਤੂ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਮੋਬਾਈਲ ਪਹੁੰਚ ਕਿਵੇਂ ਰਹੇ ਹਨ ਅਤੇ ਕਿਸ ਤਰ੍ਹਾਂ ਜੇਲ੍ਹਾਂ ’ਚੋਂ ਗੈਂਗਸਟਰ ਸਰਗਰਮ ਹੋ ਕੇ ਪੋਸਟਾਂ ਪਾਉਂਦੇ ਹਨ।
ਰੰਧਾਵਾ ਸ਼ਨਿਚਰਵਾਰ ਨੂੰ ਸਰਹਿੰਦ ਚੋਅ ਦੇ ਨਾਲ-ਨਾਲ ਕਰੀਬ 1 ਕਰੋੜ 31 ਲੱਖ ਰੁਪਏ ਨਾਲ ਬਣੀ 2.27 ਕਿਲੋਮੀਟਰ ਸੜਕ ਡਿਫੈਂਸ ਬੰਨ੍ਹ,ਅਖਾੜਾ ਰੋਡ ਹੁੰਦੀ ਹੋਈ ਸਰਹਿੰਦ ਮੰਡੀ ਨੂੰ ਸਰਹਿੰਦ ਸ਼ਹਿਰ ਤੇ ਫ਼ਤਹਿਗੜ੍ਹ ਸਾਹਿਬ ਨਾਲ ਜੋੜਨ ਵਾਲੀ ਨਵੀਂ ਸੜਕ ਲੋਕ ਅਰਪਣ ਕਰਨ ਪੁੱਜੇ ਸਨ। ਰੰਧਾਵਾ ਨੇ ਕਿਹਾ ਕਿ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਐਕਸ਼ਨ ਪਲਾਨ ਬਣਾਇਆ ਜਾ ਰਿਹਾ ਹੈ। ਡਾਰਕ ਜ਼ੋਨ ’ਚ ਏ-ਕੈਟਾਗਿਰੀ ਦੇ ਗੈਂਗਸਟਰਾਂ ਨੂੰ ਰੱਖਣ ਲਈ ਮੁੜ ਹਾਈ ਕੋਰਟ ’ਚ ਰਿੱਟ ਪਾਈ ਜਾਵੇਗੀ। ਅਕਾਲੀ ਦਲ ਵੱਲੋਂ ਉਨ੍ਹਾਂ ’ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਫੋਬੀਆ ਹੋ ਗਿਆ ਹੈ, ਉਹ ਉਨ੍ਹਾਂ ਦੀਆਂ ਗੱਲਾਂ ਦਾ ਜ਼ਿਆਦਾ ਜਵਾਬ ਦੇਣਾ ਉਚਿਤ ਨਹੀਂ ਸਮਝਦੇ। ਜਿਹੜੇ ਗੈਂਗਸਟਰ ਨਾਲ ਉਨ੍ਹਾਂ ਨੂੰ ਜੋੜਿਆ ਜਾ ਰਿਹਾ ਹੈ, ਉਹ ਅਕਾਲੀ ਦਲ ਦੇ ਰਿਸ਼ਤੇਦਾਰਾਂ ਭਾਵ ਭਾਜਪਾ ਸਰਕਾਰ ਕੋਲ ਦਿੱਲੀ ਬੈਠੇ ਹਨ।
ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਦੀ ਤਰੱਕੀ ਲਈ ਸੜਕਾਂ ਮੁੱਢਲੀ ਲੋੜ ਹਨ ਤੇ ਇਸ ਗੱਲ ਨੂੰ ਬਾਖੂਬੀ ਸਮਝਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜਿੱਥੇ ਕਰੋੜਾਂ ਰੁਪਏ ਦੇ ਪ੍ਰਾਜਕੈਟ ਹਲਕੇ ਵਿਚ ਲਿਆਂਦੇ, ਉਥੇ ਕਈ ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਤੇ ਵੱਡੀ ਗਿਣਤੀ ਨਵੀਆਂ ਸੜਕਾਂ ਬਣਵਾਈਆਂ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਲਕੇ ਦੀ ਇਕ ਵੀ ਸੜਕ ਵਿਸ਼ੇਸ਼ ਰਿਪੇਅਰ ਜਾਂ ਨਵਨਿਰਮਾਣ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾ ਰਹੀ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਸਮੇਤ ਸਮੂਹ ਕੌਂਸਲਰ ਤੇ ਸ਼ਹਿਰ ਤੇ ਵਰਕਰ ਹਾਜ਼ਿਰ ਸਨ।