ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੀਤਾ ਜਾਵੇ ਤੁਰੰਤ ਬਰਖ਼ਾਸਤ : ਮਹੇਸ਼ਇੰਦਰ ਸਿੰਘ ਗਰੇਵਾਲ

ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਲ੍ਹ ਮੰਤਰੀ ਦੀ ਮਾੜੇ ਅਨਸਰਾਂ ਦੀ ਪੁਸ਼ਤ ਪਨਾਹੀ ਕਾਰਨ ਸੂਬੇ ਵਿਚ ਜੇਲ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ ਜਿਵੇਂ ਲੁਧਿਆਣਾ ਵਿਚ ਵੇਖਣ ਨੁੰ ਮਿਲਿਆ। ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਕੇਂਦਰੀ ਜੇਲ੍ਹ ਵਿਚ ਇਕ ਵਾਰ ਫਿਰ ਤੋਂ ਦੋ ਗੈਂਗਾਂ ਵਿਚਕਾਰ ਝੜੱਪ ਹੋਈ ਤੇ ਦੋਹੇਂ ਇਕ ਦੂਜੇ ਨਾਲ ਬੁਰੀ ਤਰੀਕੇ ਲੜੇ ਜਿਸ ਕਾਰਨ ਕੁਝ ਕੈਦੀਆਂ ਨੁੰ ਗੰਭੀਰ ਸੱਟਾਂ ਵੀ ਵੱਜੀਆਂ ਹਨ।

ਉਹਨਾਂ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਦੋਹਾਂ ਧੜਿਆ ਵਿਚਕਾਰ ਪੱਥਰਾਅ ਵੀ ਹੋਇਆ ਹੈ। ਉਹਨਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਲੁਧਿਆਣਾ ਜੇਲ੍ਹ ਅੰਦਰ ਅਜਿਹੀ ਘਟਨਾ ਵਾਪਰੀ ਹੋਵੇ। ਉਹਨਾਂ ਕਿਹਾ ਕਿ ਪਹਿਲਾਂ ਵੀ ਇਥੇ ਕੈਦੀਆਂ ਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਹੋਏ ਖੂਨੀ ਟਕਰਾਅ ਵਿਚ ਇਕ ਹਵਾਲਾਤੀ ਮਾਰਿਆ ਗਿਆ ਸੀ ਤੇ 10 ਹੋਰ ਫੱਟੜ ਹੋਏ ਸਨ ਤੇ ਦੋ ਧੜਿਆ ਦੀ ਲੜਾਈ ਵਿਚ ਚਾਰ ਕੈਦੀ ਫੱਟੜ ਵੀ ਹੋਏ ਸਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਜੇਲ੍ਹਾਂ ਦੇ ਹਾਲਾਤ ਜੇਲ੍ਹ ਮੰਤਰੀ ਵੱਲੋਂ ਮਾੜੇ ਅਨਸਰਾਂ ਦੀ ਪੁਸ਼ਤ ਪਨਾਹੀ ਕਰਨ ਕਾਰਨ ਬਹੁਤ ਮਾੜੇ ਹਨ। ਗਰੇਵਾਲ ਨੇ ਦੱਸਿਆ ਕਿ ਕਿਵੇਂ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਉਸਦੀ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦ ਵੇਲੇ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਸੇ ਤਰੀਕੇ ਉੱਤਰ ਪ੍ਰਦੇਸ਼ ਦੇ ਡਾਨ ਮੁਖਤਿਆਰ ਅੰਸਾਰੀ ਨੁੰ ਦੋ ਸਾਲਾਂ ਤੱਕ ਰੋਪੜ ਜੇਲ੍ਹ ਵਿਚ ਐਸ਼ੋ ਅਰਾਮ ਨਾਲ ਰੱਖਿਆ ਗਿਆ। ਗਰੇਵਾਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਹਵਾਲਾਤੀਆਂ ਤੇ ਕੈਦੀਆਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਸਾਰੀਆਂ ਬੰਦਸ਼ਾਂ ਅਸਿੱਧੇ ਤੌਰ ‘ਤੇ ਹਟਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੋਬਾਈਲ ਫੋਨ ਤੇ ਨਸ਼ੇ ਤਾਂ ਜੇਲ੍ਹਾਂ ਵਿਚ ਆਮ ਮਿਲਦੇ ਹਨ। ਉਹਨਾਂ ਕਿਹਾ ਕਿ ਕੈਦੀਆਂ ਨੂੰ ਕੀਮਤ ਅਦਾ ਕਰਨ ‘ਤੇ ਸਭ ਕੁਝ ਮਿਲਦਾ ਹੈ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲ੍ਹਾਂ ਨੂੰ ਗੈਂਗਸਟਰ ਅਗਵਾਕਾਰੀ, ਫਿਰੌਤੀਆਂ ਤੇ ਮਿੱਥ ਕੇ ਕਤਲ ਕਰਨ ਦੀਆਂ ਯੋਜਨਾਵਾਂ ਬਣਾਉਣ ਵਾਸਤੇ ਵਰਤ ਰਹੇ ਹਨ। ਇਹ ਸਭ ਕੁਝ ਜਨਤਕ ਹੈ ਪਰ ਜੇਲ੍ਹ ਮੰਤਰੀ ਇਹਨਾਂ ਮਾੜੇ ਹਾਲਾਤਾਂ ਨੂੰ ਦਰੁੱਸਤ ਕਰਨ ਵਾਸਤੇ ਕੋਈ ਵੀ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਸੁਖਜਿੰਦਰ ਰੰਧਾਵਾ ਕੋਲ ਜੇਲ੍ਹ ਪ੍ਰਸ਼ਾਸਨ ਵਾਸਤੇ ਕੋਈ ਸਮਾਂ ਹੀ ਨਹੀਂ ਹੈ ਕਿਉਂਕਿ ਉਹ ਸਿਖਰਲੀ ਕੁਰਸੀ ਦਾ ਤਖਤਾ ਪਲਟਣ ਵਾਸਤੇ ਕਾਂਗਰਸ ਦੀ ਅੰਦਰੂਨੀ ਲੜਾਈ ਵਿਚ ਰੁੱਝੇ ਹਨ ਅਤੇ ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਹੁਣ ਇਹੀ ਢੁਕਵਾਂ ਬਣਣਾ ਹੈ ਕਿ ਮੁੱਖ ਮੰਤਰੀ ਸ੍ਰੀ ਰੰਧਾਵਾ ਤੋਂ ਜੇਲ੍ਹ ਮੰਤਰਾਲਾ ਤੁਰੰਤ ਖੋਹ ਲੈਣ ਤੇ ਸੂਬੇ ਦੀਆ ਜੇਲ੍ਹਾਂ ਵਿਚ ਦਰੁੱਸਤੀ ਭਰੇ ਕਦਮ ਚੁਕੇ ਜਾਣ।

MUST READ