ਸਿੱਧੂ ਮੂਸੇਵਾਲਾ ਕਤਲਕਾਂਡ ਚ ਜੈਕ ਸਪੈਰੋ ਅਤੇ ਜੈ ਹੋ ਕੋਡ ਬਣੇ ਚਰਚਾ ਦਾ ਵਿਸ਼ਾ

ਪੁਲਸ ਦੀ ਗ੍ਰਿਫ਼ਤ ‘ਚ ਆਏ ਸੰਤੋਸ਼ ਯਾਦਵ ਅਤੇ ਸੌਰਭ ਮਹਾਕਾਲ ਨੇ ਪੁੱਛਗਿੱਛ ਵਿਚ ਕਈ ਖ਼ੁਲਾਸੇ ਕੀਤੇ ਹਨ, ਜਿਸ ਵਿਚ ਉਨ੍ਹਾਂ ਵਲੋਂ ਦੋ ਕੋਡਵਰਡ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਸ ਮੁਤਾਬਕ ‘ਜੇਕ ਸਪੈਰੋ’ ਨਾਂ ਵਾਲੇ ਸ਼ਖ਼ਸ ਦਾ ਕੰਮ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣਾ ਸੀ, ਜਦੋਂਕਿ ‘ਜੈ ਹੋ’ ਨਾਮੀ ਸ਼ਖ਼ਸ ਦਾ ਕੰਮ ਉਨ੍ਹਾਂ ਨੂੰ ਆਰਥਿਕ ਮਦਦ ਦੇਣਾ ਸੀ, ਜਿਸ ਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਲੁਧਿਆਣਾ ਵਿਚ ਵੀ ਪੁਲਸ ਨੇ ਇਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਫਰਜ਼ੀ ਪਾਸਪੋਰਟ ‘ਤੇ ਵਿਦੇਸ਼ ਭੱਜਣ ‘ਚ ਮਦਦ ਕਰਨ ਦਾ ਦੋਸ਼ ਹੈ।ਇਸੇ ਮੁਲਜ਼ਮ ਵਲੋਂ ਸ਼ਹਿਰ ਦੇ ਇਕ ਬਹੁ-ਚਰਚਿਤ ਬੰਟੀ ਬਾਜਵਾ ਕਤਲਕਾਂਡ ਦੇ ਮੁੱਖ ਮੁਲਜ਼ਮ ਨੂੰ ਵੀ ਵਿਦੇਸ਼ ਭੇਜਣ ‘ਚ ਮਦਦ ਦੇਣ ਦਾ ਪੁਲਸ ਦਾਅਵਾ ਕਰ ਰਹੀ ਹੈ।

ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕਈ ਵਾਰ ਰੇਕੀ ਕਰ ਚੁੱਕੇ ਕਾਤਲਾਂ ਨੇ ਉਸ ਦੇ ਪਿੰਡ ਦੀ ਇਕ-ਇਕ ਗਲੀ ਅਤੇ ਸੜਕ ਦਾ ਪੂਰਾ ਨਕਸ਼ਾ ਤਿਆਰ ਕੀਤਾ। ਕਈ ਮਹੀਨੇ ਤੋਂ ਇਸ ਦੀ ਰੇਕੀ ਕਰ ਰਹੇ ਮੁਲਜ਼ਮਾਂ ਨੇ 15 ਦਿਨਾਂ ਤੱਕ ਲਗਾਤਾਰ ਮੂਸੇਵਾਲਾ ਦਾ ਪਿੱਛਾ ਕੀਤਾ ਅਤੇ ਨੌਵੀਂ ਵਾਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਧਰ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਗ੍ਰਿਫ਼ਤਾਰ ਕੀਤੇ ਗਏ 2 ਸ਼ੂਟਰਾਂ ਅਤੇ ਇਕ ਹੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ‘ਚ ਖ਼ੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੇ ਜਿਨ੍ਹਾਂ ਹਥਿਆਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਇਸਤੇਮਾਲ ਕੀਤਾ ਸੀ, ਉਹ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆਏ ਸਨ। ਪ੍ਰਿਯਵਰਤ ਉਰਫ ਫ਼ੌਜੀ ਨੂੰ ਇਹ ਹਥਿਆਰ ਡ੍ਰੋਨ ਰਾਹੀਂ ਮੁਹੱਈਆ ਕਰਵਾਏ ਗਏ ਸਨ। ਇਨ੍ਹਾਂ ਹਥਿਆਰਾਂ ‘ਚ 8 ਗ੍ਰਨੇਡ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, 9 ਇਲਕੈਟ੍ਰਿਕ ਡੈਟੋਨੇਟਰ ਅਤੇ ਇਕ ਏ. ਕੇ.-47 ਸ਼ਾਮਲ ਸੀ।

ਇਕ ਮੀਡੀਆ ਰਿਪੋਰਟ ‘ਚ ਇਕ ਸੀਨੀਅਰ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਿਯਵਰਤ ਨੂੰ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਅਪ੍ਰੈਲ ‘ਚ 4 ਲੱਖ ਰੁਪਏ ਇਸ ਕਤਲ ਦੀ ਸੁਪਾਰੀ ਦਿੱਤੀ ਸੀ।

MUST READ