ਕੀ ਗੁਰਨਾਮ ਸਿੰਘ ਚੜੂਨੀ ਰੱਖਣ ਜਾ ਰਹੇ ਨੇ ਰਾਜਨੀਤੀ ‘ਚ ਪੈਰ, ਪੰਜਾਬ ‘ਚ ਬਣੇਗੀ ਇੱਕ ਹੋਰ ਸਿਆਸੀ ਪਾਰਟੀ ?

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਦੇ ਰਾਜਨੀਤੀ ਚ ਆਉਣ ਦੇ ਹੱਕ ਚ ਹਨ। ਇਸ ਬਾਰੇ ਉਹਨਾਂ ਦੇ ਬਿਆਨ ਕਰਕੇ ਉਹਨਾਂ ਨੂੰ ਸਸਪੈਂਡ ਵੀ ਕਰ ਦਿਤਾ ਗਿਆ ਸੀ । ਪਰ ਲਗਦਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਪੰਜਾਬ ਵਿੱਚ ਆਪਣੇ ਰਾਜਨੀਤਿ ਚ ਆਉਣ ਦੀ ਦਸਤਕ ਦੇ ਦਿਤੀ ਹੈ । ਇਸੇ ਦੇ ਤਹਿਤ ਉਨ੍ਹਾਂ ਮਿਸ਼ਨ ਪੰਜਾਬ ਦਾ ਰਸਮੀ ਤੌਰ ‘ਤੇ ਬਿਗਲ ਵਜਾ ਦਿੱਤਾ ਹੈ। ਗੜ੍ਹਸ਼ੰਕਰ ਦੇ ਹੋਟਲ ਪਿੰਕ ਰੋਜ਼ ਵਿਚ ਹੋਏ ਇਕ ਭਰਵੇਂ ਇਕੱਠ ਦੌਰਾਨ ਉਨ੍ਹਾਂ ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਕਿਸਾਨ ਮਸਲਿਆਂ ਦੇ ਹੱਲ ਲਈ ਸਾਨੂੰ ਰਾਜਨੀਤਿਕ ਮੈਦਾਨ ਵਿਚ ਆਉਣਾ ਪਵੇਗਾ ਅਤੇ ਪੰਜਾਬ ਵਿੱਚ ਸਰਕਾਰ ਬਣਾ ਕੇ ਦੋ ਸਾਲ ਦੀ ਆਪਣੀ ਚੰਗੀ ਕਾਰਗੁਜ਼ਾਰੀ ਪੇਸ਼ ਕਰਦੇ ਹੋਏ ਮਿਸ਼ਨ ਭਾਰਤ 2024 ਲਿਆ ਕੇ ਦੇਸ਼ ਅੰਦਰ ਆਪਣੀ ਸਰਕਾਰ ਬਣਾਈ ਜਾਵੇਗੀ।


ਇਸ ਮੌਕੇ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਕਿਸੇ ਕਿਸਾਨ ਯੂਨੀਅਨ ਦੇ ਬੈਨਰ ਹੇਠ ਇਹ ਚੋਣ ਨਹੀਂ ਲੜੀ ਜਾਵੇਗੀ ਬਲਕਿ ਮਿਸ਼ਨ ਪੰਜਾਬ ਦੇ ਬੈਨਰ ਹੇਠ 117 ਸੀਟਾਂ ਤੇ ਉਮੀਦਵਾਰ ਉਤਾਰੇ ਜਾਣ ਦੀ ਉਨ੍ਹਾਂ ਨੇ ਪੇਸ਼ਕਸ਼ ਲੋਕਾਂ ਅੱਗੇ ਕੀਤੀ ਹੈ ਅਤੇ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਕਿੰਨੇ ਇਸ ਪ੍ਰਸਤਾਵ ਦੀ ਹਾਮੀ ਭਰਦੇ ਹਨ ਅਤੇ ਕਿੰਨੇ ਲੜਦੇ ਹਨ। ਸਵਾਲਾਂ ਦੇ ਉੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਮਿਸ਼ਨ ਪੰਜਾਬ ਦੀ ਅਗਵਾਈ ਕੌਣ ਕਰੇਗਾ ਇਹ ਮਾਲਕ ਜਾਣਦਾ ਹੈ, ਖ਼ੁਦ ਗੁਰਨਾਮ ਸਿੰਘ ਚੜੂਨੀ ਚੋਣ ਲੜਨਗੇ ਇਸ ਸਬੰਧੀ ਉਨ੍ਹਾਂ ਤੈਅ ਨਹੀਂ ਕੀਤਾ, ਪਰ ਮਿਸ਼ਨ ਪੰਜਾਬ ਦਾ ਬੜੀ ਜਲਦੀ ਗਠਨ ਹੋ ਜਾਵੇਗਾ।ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਰਾਜਨੀਤੀ ਵਿਚ ਆਉਣ ਦਾ ਵਿਰੋਧ ਕਰਦੀਆਂ ਹਨ ਉਨ੍ਹਾਂ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਵੋਟਾਂ ਦਾ ਪ੍ਰੋਗਰਾਮ ਨਹੀਂ ਬਣਾਉਂਦੇ ਤਾਂ ਲੋਕ ਇਸੇ ਤਰ੍ਹਾਂ ਲੁੱਟੇ ਜਾਂਦੇ ਰਹਿਣਗੇ।


ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਘੱਟ ਡੰਡੇ ਮਾਰੇ ਪਰ ਹਰਿਆਣੇ ਦੀ ਪੁਲਸ ਅਨੇਕਾਂ ਕਿਸਾਨਾਂ ਦੇ ਡੰਡਿਆਂ ਨਾਲ ਸਿਰ ਪਾੜ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਚੜੂਨੀ ਪੰਜਾਬ ਵਿੱਚ ਮੁੱਖ ਮੰਤਰੀ ਬਣਾਇਆ ਹੈ ਤਾਂ ਕੀ ਫਿਰ ਪੰਜਾਬ ਵਿਚ ਬਾਦਲ ਜਾਂ ਅਮਰਿੰਦਰ ਮੁੜ ਮੁੱਖ ਮੰਤਰੀ ਚਾਹੀਦਾ। ਦਿੱਲੀ ਬਾਰਡਰਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ 60 ਫ਼ੀਸਦੀ ਅਕਾਲੀ ਦਲ ਦੇ ਵਰਕਰ ਹੋਣ ਦਾ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਤੇ ਪਲਟਵਾਂ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਵਰਕਰ ਬਿਨਾਂ ਦੇਰੀ ਵਾਪਸ ਸੱਦ ਲਵੇ।ਰਵਨੀਤ ਬਿੱਟੂ ਦੇ ਨਾਲ ਕੁਝ ਕਾਂਗਰਸੀ ਮੈਂਬਰ ਪਾਰਲੀਮੈਂਟਾਂ ਵੱਲੋਂ ਕੀਤੇ ਸੰਘਰਸ਼ ਅਤੇ ਹਾਊਸ ਵਿੱਚ ਕੀਤੇ ਸਵਾਲਾਂ ਨੂੰ ਉਨ੍ਹਾਂ ਨੇ ਕਾਂਗਰਸ ਦਾ ਸਿਰਫ ਇਕ ਸਿਆਸੀ ਡਰਾਮਾ ਕਰਾਰ ਦਿੱਤਾ। ਪੰਜਾਬ ਦੀਆਂ ਹੋਰ ਜਥੇਬੰਦੀਆਂ ਕਦ ਮਿਸ਼ਨ ਪੰਜਾਬ ਵਿੱਚ ਸ਼ਾਮਲ ਹੋ ਜਾਣਗੀਆਂ ਇਸ ਸਬੰਧੀ ਉਨ੍ਹਾਂ ਕਿਹਾ ਕਿ ਬਾਕੀ ਜਥੇਬੰਦੀਆਂ ਵੀ ਜਲਦੀ ਪਟੜੀ ਤੇ ਆ ਜਾਣਗੀਆਂ ਥੋੜ੍ਹੇ ਸਮੇਂ ਦਾ ਇੰਤਜਾਰ ਕਰੋ। ਚੜੂਨੀ ਨੇ ਕਿਹਾ ਕਿ ਅੰਨਾ ਹਜ਼ਾਰੇ ਦੇ ਸੰਘਰਸ਼ ਦੀ ਆਊਟਪੁਟ ਸਿਰਫ਼ ਆਮ ਆਦਮੀ ਪਾਰਟੀ ਹੈ, ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਕਿਸੇ ਪ੍ਰਕਾਰ ਦੀ ਮੇਲ ਮਿਲਾਪ ਦੀ ਕੋਈ ਗੁੰਜਾਇਸ਼ ਨਹੀਂ ਹੈ।


ਸੋਚਣ ਵਾਲੀ ਗੱਲ ਇਹ ਹੈ ਕਿ ਇੰਨੇ ਘਟ ਸਮੇ ਚ ਚੋਣ ਵਿਉਂਤਬੰਦੀ ਕਿਵੇ ਬਣੇਗੀ ਤੇ ਰਵਾਇਤੀ ਪਾਰਟੀਆਂ ਦੇ ਗੜ੍ਹ ਚ ਲੋਕ ਕਿਸ ਤਰ੍ਹਾਂ ਨਾਲ ਇਸ ਨਵੇਂ ਬਦਲਾਵ ਨੂੰ ਸਵੀਕਾਰ ਕਰਦੇ ਹਨ।

MUST READ