ਭਾਰਤ ਭਰ ’ਚ ਮਨਾਇਆ ਗਿਆ ਆਜ਼ਾਦੀ ਦਿਹਾੜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਲ ਕਿਲ੍ਹੇ ’ਤੇ 83 ਮਿੰਟ ਭਾਸ਼ਣ

ਨਵੀਂ ਦਿੱਲੀ/ਬਿਊਰੋ ਨਿਊਜ਼ : ਅੱਜ ਭਾਰਤ ਭਰ ਵਿਚ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਲਾਲ ਕਿਲ੍ਹੇ ’ਤੇ ਨੌਵੀਂ ਵਾਰ ਤਿਰੰਗਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 83 ਮਿੰਟ ਦੇ ਭਾਸ਼ਣ ਦੌਰਾਨ ਭਿ੍ਸ਼ਟਾਚਾਰ, ਪਰਿਵਾਰਵਾਦ, ਭਾਸ਼ਾ ਅਤੇ ਲੋਕਤੰਤਰ ਦਾ ਜ਼ਿਕਰ ਕੀਤਾ।

ਇਸੇ ਦੌਰਾਨ ਉਨ੍ਹਾਂ ਗਾਂਧੀ, ਨਹਿਰੂ ਅਤੇ ਸਾਵਰਕਰ ਨੂੰ ਵੀ ਯਾਦ ਕੀਤਾ। ਨਾਰੀ ਸ਼ਕਤੀ ਦੇ ਸਨਮਾਨ ਅਤੇ ਉਨ੍ਹਾਂ ਦੇ ਗੌਰਵ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਭਾਵੁਕ ਵੀ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੋ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਇਕ ਭਿ੍ਸ਼ਟਾਚਾਰ ਅਤੇ ਦੂਜਾ ਪਰਿਵਾਰਵਾਦ ਜਾਂ ਭਾਈ ਭਤੀਜਾਵਾਦ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਸੰਸਥਾਵਾਂ ਦੀ ਤਾਕਤ ਦਾ ਅਹਿਸਾਸ ਕਰਨ ਲਈ ਯੋਗਤਾ ਦੇ ਅਧਾਰ ’ਤੇ ਦੇਸ਼ ਨੂੰ ਅੱਗੇ ਲਿਜਾਣ ਲਈ ਪਰਿਵਾਰਵਾਦ ਦੇ ਖਿਲਾਫ ਜਾਗਰੂਕਤਾ ਵਧਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਦੇਸ਼ ਨੂੰ ਸਿਉਂਕ ਵਾਂਗ ਖੋਖਲਾ ਕਰ ਰਿਹਾ ਹੈ, ਅਸੀਂ ਇਸਦੇ ਖਿਲਾਫ ਲੜਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਕਦੀ-ਕਦੀ ਸਾਡੀ ਪ੍ਰਤਿਭਾ ਭਾਸ਼ਾ ਦੇ ਬੰਧਨਾਂ ਵਿਚ ਬੱਝ ਜਾਂਦੀ ਹੈ ਅਤੇ ਇਹ ਗੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੀ ਹਰ ਭਾਸ਼ਾ ’ਤੇ ਮਾਣ ਹੋਣਾ ਚਾਹੀਦਾ ਹੈ।  

MUST READ