ਪੰਜਾਬ ’ਚ ਅੱਜ ਮਾਲ ਮਹਿਕਮੇ ਅਤੇ ਡੀਸੀ ਦਫ਼ਤਰਾਂ ’ਚ ਕੰਮ ਪੂਰੀ ਤਰ੍ਹਾਂ ਠੱਪ

ਮੁਲਾਜ਼ਮ ਬੋਲੇ : ਜਦੋਂ ਤੱਕ ਵਿਧਾਇਕ ਦਿਨੇਸ਼ ਚੱਢਾ ਮੁਆਫ਼ੀ ਨਹੀਂ ਮੰਗਦੇ ਸੰਘਰਸ਼ ਰਹੇਗਾ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦਰਮਿਆਨ ਪੈਦਾ ਹੋਇਆ ਵਿਵਾਦ ਹੋਰ ਗਹਿਰਾ ਗਿਆ ਹੈ। ਪੰਜਾਬ ਭਰ ਦੀਆਂ ਤਹਿਸੀਲਾਂ ਤੋਂ ਬਾਅਦ ਅੱਜ ਐਸਡੀਐਮ ਅਤੇ ਡੀਸੀ ਦਫ਼ਤਰਾਂ ਦੇ ਕਰਮਚਾਰੀ ਵੀ ਹੜਤਾਲ ’ਤੇ ਚਲੇ ਗਏ ਹਨ। ਮਾਲ ਵਿਭਾਗ, ਐਸਡੀਐਮ ਅਤੇ ਡੀਸੀ ਦਫ਼ਤਰਾਂ ਦੇ ਕਰਮਚਾਰੀ ਅੜੇ ਹੋਏ ਹਨ ਕਿ ਜਦੋਂ ਤੱਕ ਵਿਧਾਇਕ ਦਿਨੇਸ਼ ਚੱਢਾ ਮੁਲਾਜ਼ਮਾਂ ਕੋਲੋਂ ਮੁਆਫੀ ਨਹੀਂ ਮੰਗਦੇ ਜਾਂ ਪੰਜਾਬ ਸਰਕਾਰ ਵਿਧਾਇਕ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਰਹੇਗਾ। ਮਨਿਸਟ੍ਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ 25 ਅਤੇ 26 ਜੁਲਾਈ ਨੂੰ ਸਾਰੇ ਡੀਸੀ ਦਫਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਕਲਮ ਛੋੜ ਹੜਤਾਲ ਜਾਰੀ ਰਹੇਗੀ।

ਯੂਨੀਅਨ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਇਹ ਵੀ ਕਿਹਾ ਕਿ 26 ਜੁਲਾਈ ਨੂੰ ਸਾਰੇ ਕਰਮਚਾਰੀ ਰੋਪੜ ’ਚ ਇਕੱਠੇ ਹੋਣਗੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਵਿਧਾਇਕ ਖਿਲਾਫ਼ ਇਕ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਜਾ ਕੇ ਕਰਮਚਾਰੀਆਂ ਨੂੰ ਜਲੀਲ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਧਿਆਨ ਰਹੇ ਕਿ ਲੰਘੇ ਦਿਨੀਂ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਜਲੀਲ ਕੀਤਾ ਗਿਆ ਸੀ ਅਤੇ ਉਨ੍ਹਾਂ ਸਰਕਾਰੀ ਰਿਕਾਰਡ ਨੂੰ ਵੀ ਆਪਣੇ ਨਿੱਜੀ ਦਫ਼ਤਰ ’ਚ ਮੰਗਵਾ ਕੇ ਗੈਰਕਾਨੂੰਨੀ ਕੰਮ ਕੀਤਾ ਸੀ। 

MUST READ