ਬਠਿੰਡਾ ‘ਚ ਕਿਸਾਨਾਂ ਨੇ ਸਿਆਸੀ ਲੀਡਰਾਂ ਖਿਲਾਫ਼ ਖੋਲਿਆ ਮੋਰਚਾ, ਲਗਾਏ ਚਿਤਾਵਨੀ ਬੋਰਡ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਇਕਾਈ ਵੱਲੋਂ ਪਿੰਡ ਬਲਾਹਡ਼ ਵਿੰਝੂ ਜ਼ਿਲ੍ਹਾ ਬਠਿੰਡਾ ਵਿੱਚ ਚਿਤਾਵਨੀ ਬੋਰਡ ਲਾ ਦਿੱਤੇ ਹਨ ਜਿਸ ਵਿੱਚ ਲਿਖਿਆ ਹੈ ਕਿ ਪਿਛਲੇ 74 ਸਾਲਾਂ ਤੋਂ ਲੋਕਾਂ ਦਾ ਖ਼ੂਨ ਚੂਸ ਰਹੇ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਵਾਧੂ ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ,ਲੀਡਰਾਂ ਦੇ ਚਮਚਿਆਂ ਅਤੇ ਅਵਾਰਾ ਪਸ਼ੂਆਂ ਦਾ ਪਿੰਡ ਵਿੱਚ ਵੜਨਾ ਮਨ੍ਹਾ ਹੈ।


ਦਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਪਿਛਲੇ 9 ਮਹੀਨਿਆਂ ਤੋਂ ਦਿੱਲੀ ਬਾਡਰਾਂ ਤੇ ਧਰਨੇ ਲਾਏ ਹੋਏ ਹਨ ਅਤੇ ਭਾਜਪਾ ਦਾ ਹਰ ਪਿੰਡ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਵੱਲੋਂ ਵੱਖ ਵੱਖ ਪਾਰਟੀਆਂ ਦੇ 3-3, 5-5 ਪੈਨਸ਼ਨਾਂ ਲੈਣ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਟੈਕਸ ਭਰਾਉਣ ਵਾਲੇ ਲੀਡਰਾਂ ਖ਼ਿਲਾਫ ਮੋਰਚਾ ਹੋਰ ਤੇਜ਼ ਕਰ ਦਿੱਤਾ ਹੈ । ਇੱਥੋਂ ਤੱਕ ਕਿ ਇਨ੍ਹਾਂ ਲੀਡਰਾਂ ਦੀ ਤੁਲਨਾ ਅਵਾਰਾ ਪਸ਼ੂਆਂ ਦੇ ਬਰਾਬਰ ਕਰ ਦਿੱਤੀ ਹੈ ।


ਜੇਕਰ ਕੋਈ ਸਿਆਸੀ ਲੀਡਰ ਜਾਂ ਅਵਾਰਾ ਪਸ਼ੂ ਆਉਂਦਾ ਹੈ ਤਾਂ ਉਸ ਦੀ ਹਾਲਤ ਮਾੜੀ ਕਰ ਦਿੱਤੀ ਜਾਵੇਗੀ ।ਇਹ ਬੋਰਡ ਵੱਖ ਵੱਖ ਪਿੰਡਾਂ ਵਿਚ ਗਲੀਆਂ ਦਾ ਸ਼ਿੰਗਾਰ ਬਣ ਰਹੇ ਹਨ ਤਾਂ ਜੋ ਲੀਡਰਾਂ ਨੂੰ ਚਿਤਾਵਨੀ ਦਿੱਤੀ ਜਾ ਸਕੇ ਕਿ ਉਹ ਕਿਸਾਨੀ ਸਮੱਸਿਆਵਾਂ ਦੇ ਹੱਲ ਤੋਂ ਪਹਿਲਾਂ ਪਿੰਡਾਂ ਵਿਚ ਨਾ ਵੜਨ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਲੀਡਰਾਂ ਦੀਆਂ ਲੱਗੀਆਂ ਫਲੈਕਸਾਂ ਵੀ ਕਿਸਾਨ ਆਗੂਆਂ ਵੱਲੋਂ ਪਾੜੀਆਂ ਗਈਆਂ ਹਨ ਅਤੇ ਹੁਣ ਇਸ ਤਰ੍ਹਾਂ ਦੇ ਲਾਏ ਬੋਰਡਾ ਨੇ ਸਿਆਸੀ ਲੀਡਰਾਂ ਖ਼ਿਲਾਫ਼ ਲਾਮਬੰਦੀ ਤੇਜ਼ ਕਰ ਦਿੱਤੀ ਹੈ । ਜਿਸ ਕਰਕੇ ਸਿਆਸੀ ਪਾਰਟੀਆਂ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨਾ ਵੀ ਔਖਾ ਨਜ਼ਰ ਆ ਰਿਹਾ ਹੈ। ਕਿਸਾਨ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੋਰਡ ਲਾਉਣੇ ਕਿਸਾਨਾਂ ਦੀ ਮਜਬੂਰੀ ਹੈ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਹਿੱਤ ਵਿੱਚ ਸਹੀ ਆਵਾਜ਼ ਨਹੀਂ ਉਠਾ ਰਹੀ ਬਲਕਿ ਸਿਆਸੀ ਰੋਟੀਆਂ ਸੇਕਣ ਨੂੰ ਪਹਿਲ ਦੇ ਰਹੀ ਹੈ, ਹੁਣ ਉਹੀ ਲੀਡਰ ਕਿਸਾਨਾਂ ਦੀ ਵੋਟ ਦਾ ਹੱਕਦਾਰ ਹੋਵੇਗਾ ਜੋ ਕਿਸਾਨਾਂ ਦੀ ਗੱਲ ਕਰੇਗਾ ।

MUST READ