ਹਰਜੋਤ ਬੈਂਸ ਅਤੇ ਜੋਤੀ ਯਾਦਵ ਵਿਆਹ ਬੰਧਨ ’ਚ ਬੱਝੇ

ਨੰਗਲ ਦੇ ਗੁਰਦੁਆਰਾ ਸਾਹਿਬ ’ਚ ਲਈਆਂ ਲਾਵਾਂ

ਨੰਗਲ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈਪੀਐਸ ਅਫ਼ਸਰ ਜੋਤੀ ਯਾਦਵ ਅੱਜ ਵਿਆਹ ਬੰਧਨ ਵਿਚ ਬੱਝ ਗਏ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੋਤੀ ਯਾਦਵ ਨਾਲ ਨੰਗਲ ਦੇ ਗੁਰਦੁਆਰਾ ਵਿਭੋਰ ਸਾਹਿਬ ਵਿਖੇ ਲਾਵਾਂ ਲਈਆਂ। ਆਨੰਦਕਾਰਜ ਸਮੇਂ ਗੁਰਦੁਆਰਾ ਸਹਿਬ ਵਿਖੇ ਦੋਵੇਂ ਪਰਿਵਾਰਾਂ ਦੇ ਸੀਮਤ ਮੈਂਬਰ ਹੀ ਪਹੁੰਚੇ ਸਨ। ਮੀਡੀਆ ਤੋਂ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਸ਼ਾਮ ਨੂੰ ਹੋਣ ਵਾਲੀ ਵਿਆਹ ਦੀ ਪਾਰਟੀ ਦਾ ਪ੍ਰੋਗਰਾਮ ਨੰਗਲ ਵਿਚ ਰੱਖਿਆ ਗਿਆ ਹੈ, ਜਿਸ ਵਿਚ ਹਜ਼ਾਰਾਂ ਮਹਿਮਾਨ ਸ਼ਿਰਕਤ ਕਰਨਗੇ।

ਧਿਆਨ ਰਹੇ ਕਿ ਪੰਜਾਬ ਕੇਡਰ ਦੀ ਆਈਪੀਐਸ ਡਾ. ਜੋਤੀ ਯਾਦਵ ਮਾਨਸਾ ਜ਼ਿਲ੍ਹੇ ਵਿਚ ਬਤੌਰ ਐਸਪੀ ਹੈਡਕੁਆਰਟਰ ਵਜੋਂ ਤਾਇਨਾਤ ਹਨ। ਜੋਤੀ ਯਾਦਵ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ ਵਿਚ ਰਹਿੰਦਾ ਹੈ। ਜਦਕਿ ਹਰਜੋਤ ਸਿੰਘ ਬੈਂਸ ਦਾ ਸ੍ਰੀ ਆਨੰਦਪੁਰ ਸਾਹਿਬ ਜੱਦੀ ਹਲਕਾ ਹੈ ਅਤੇ ਉਹ ਇਥੋਂ ਹੀ ਪਹਿਲੀ ਵਿਧਾਇਕ ਚੁਣੇ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ ਜਦਕਿ ਮੁੱਖ ਮੰਤਰੀ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਤੋਂ ਬਾਅਦ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ ਨੇ ਵੀ ਪਾਰਟੀ ਵਰਕਰ ਮਨਦੀਪ ਸਿੰਘ ਨਾਲ ਵਿਆਹ ਕਰਵਾਇਆ ਅਤੇ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਆਈਪੀਐਸ ਅਫ਼ਸਰ ਜੋਤੀ ਯਾਦਵ ਨਾਲ ਵਿਆਹ ਬੰਧਨ ਵਿਚ ਬੱਝ ਗਏ ਹਨ।

MUST READ