ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ, ਕੀ ਮੁਕੇਗਾ ਕਾਂਗਰਸ ਕਲੇਸ਼

ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ ਬੁੱਧਵਾਰ ਨੂੰ ਪੰਜ ਘੰਟੇ ਤਕ ਹੋਈ ਮੁਲਾਕਾਤ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਚ ਫੇਰਬਦਲ ਦੀ ਇਕ ਸੂਚੀ ਰਾਵਤ ਨੂੰ ਸੌਂਪੀ ਪਰ ਰਾਵਤ ਨੇ ਇਸ ਤਜਵੀਜ਼ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਦੋਵਾਂ ਆਗੂਆਂ ਵਿਚ ਬੇਅਦਬੀ, ਡਰੱਗਸ, ਟਰਾਂਸਪੋਰਟ, ਬਿਜਲੀ ਸਮਝੌਤੇ, ਖੇਤੀ ਕਾਨੂੰਨਾਂ ਆਦਿ ਮੁੱਦਿਆਂ ’ਤੇ ਚਰਚਾ ਹੋਈ। ਸੂਤਰਾਂ ਦੇ ਮੁਤਾਬਕ ਕੈਪਟਨ ਨੇ ਦੋ ਮੰਤਰੀਆਂ ਨੂੰ ਬਦਲਣ ਦੀ ਗੱਲ ਕਹੀ ਤਾਂ ਰਾਵਤ ਨੇ ਇਸਨੂੰ ਬਦਲਾਖੋਰੀ ਵਾਲੀ ਸਿਆਸੀ ਦੱਸਦੇ ਹੋਏ ਕਿਹਾ ਕਿ ਇਸ ਨਾਲ ਪਾਰਟੀ ਵਿਚ ਗਲਤ ਸੰਦੇਸ਼ ਜਾਵੇਗਾ। ਸੂਤਰਾਂ ਮੁਤਾਬਕ ਰਾਵਤ ਨੇ ਕੈਪਟਨ ਨੂੰ ਮੰਤਰੀਆਂ ਦੇ ਖਦਸ਼ਿਆਂ ਬਾਰੇ ਜਾਣੂ ਕਰਵਾਉਂਦੇ ਹੋਏ ਨਾਰਾਜ਼ ਮੰਤਰੀਆਂ ਨੂੰ ਅਹਿਮ ਵਿਭਾਗ ਦੇਣ ਦਾ ਸੁਝਾਅ ਦਿੱਤਾ। ਦੱਸਿਆ ਗਿਆ ਹੈ ਕਿ ਕੈਪਟਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਮੰਤਰੀ ਮੰਡਲ ਵਿਚੋਂ ਹਟਾਉਣਾ ਚਾਹੁੰਦੇ ਹਨ।

ਇਹ ਦੋਵੇਂ ਉਨ੍ਹਾਂ ਚਾਰ ਮੰਤਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਦਿਨੀਂ ਕੈਪਟਨ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਗਟਾਇਆ ਸੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੈਪਟਨ ਸਰਕਾਰੀਆ ਦਾ ਵਿਭਾਗ ਆਪਣੇ ਕਰੀਬੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦੇਣਾ ਚਾਹੁੰਦੇ ਹਨ ਅਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੰਤਰੀ ਮੰਡਲ ਵਿਚ ਲਿਆਉਣਾ ਚਾਹੁੰਦੇ ਹਨ। ਕੈਪਟਨ ਪਹਿਲਾਂ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਬਦਲਣਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਨੇ ਇਹ ਵਿਚਾਰ ਤਿਆਗ ਦਿੱਤਾ ਹੈ। ਉੱਧਰ, ਸਿੱਧੂ ਤੇ ਕੁਝ ਇਕ ਮੰਤਰੀਆਂ ਵੱਲੋਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਸਵਾਲਾਂ ’ਤੇ ਸਥਿਤੀ ਸਪੱਸ਼ਟ ਕਰਨ ਲਈ ਕੈਪਟਨ ਨੇ ਡੀਜੀਪੀ ਦਿਨਕਰ ਗੁਪਤਾ, ਐੱਸਟੀਐੱਫ ਪ੍ਰਮੁੱਖ ਹਰਪ੍ਰੀਤ ਸਿੱਧੂ ਅਤੇ ਐਡਵੋਕੇਟ ਅਤੁਲ ਨੰਦਾ ਦੀ ਹਰੀਸ਼ ਰਾਵਤ ਨਾਲ ਮੁਲਾਕਾਤ ਕਰਵਾਈ। ਅਧਿਕਾਰੀਆਂ ਨੇ ਵੱਖ-ਵੱਖ ਮੁੱਦਿਆਂ ’ਤੇ ਕਾਨੂੰਨੀ ਤੇ ਤਕਨੀਕੀ ਪਹਿਲੂਆਂ ਦੀ ਜਾਣਕਾਰੀ ਦਿੱਤੀ।

ਮੀਟਿੰਗ ਤੋਂ ਬਾਅਦ ਰਾਵਤ ਨੇ ਕਿਹਾ ਕਿ ਕਾਨੂੰਨੀ ਪਹਿਲੂਆਂ ਦੇ ਕਾਰਨ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਪਾਣੀ ਦਾ ਸਮਝੌਤਾ ਦੋ ਰਾਜਾਂ ਵਿਚ ਸੀ ਜਦਕਿ ਬਿਜਲੀ ਸਮਝੌਤੇ ਵਿਚ ਕੇਂਦਰ ਤੇ ਰਾਜ ਸਰਕਾਰ ਅਤੇ ਨਿੱਜੀ ਕੰਪਨੀਆਂ ਤਿੰਨ ਧਿਰਾਂ ਸ਼ਾਮਲ ਹਨ। ਸਰਕਾਰ ਨੂੰ ਕੁਝ ਪ੍ਰਸਤਾਵ ਰੱਦ ਕਰ ਕੇ ਲੋਕਾਂ ਨੂੰ ਸਸਤੀ ਬਿਜਲੀ ਦੇਣੀ ਚਾਹੀਦੀ। ਰਾਵਤ ਨੇ ਕਿਹਾ ਕਿ ਸਰਕਾਰ ਨੂੰ ਹਾਈ ਕੋਰਟ ਵਿਚ ਡਰੱਗਜ਼ ਮਾਮਲੇ ਨੂੰ ਲੈ ਕੇ ਦਿੱਤੀ ਗਈ ਰਿਪੋਰਟ ਜਲਦੀ ਤੋਂ ਜਲਦੀ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਉੱਥੇ ਬੇਅਦਬੀ ਸੰਵੇਦਨਸ਼ੀਲ ਮਾਮਲਾ ਹੈ। ਸਰਕਾਰ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਨਾਲ ਹੱਲ ਕਰ ਕੇ ਲੋਕਾਂ ਦੇ ਨਾਲ ਕੀਤਾ ਗਿਆ ਵਾਅਦਾ ਪੂਰਾ ਕਰੇ। ਖੇਤੀ ਕਾਨੂੰਨਾਂ ’ਤੇ ਰਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਾਨੂੰਨ ਰੱਦ ਕਰਨ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ ਹਨ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖਡ਼੍ਹੀ ਹੈ ਅਤੇ ਤਿੰਨੋਂ ਕਾਨੂੰਨ ਰੱਦ ਹੋਣੇ ਚਾਹੀਦੇ।

ਟਰਾਂਸਪੋਰਟ ਦੇ ਮੁੱਦੇ ’ਤੇ ਕੈਪਟਨ ਨੇ ਰਾਵਤ ਨੂੰ ਦੱਸਿਆ ਕਿ ਟਰਾਂਸਪੋਰਟ ਪਰਮਿਟ ਨੂੰ ਲੈ ਕੇ ਕਾਨੂੰਨੀ ਰਾਏ ਲਈ ਜਾ ਰਹੀ ਹੈ। ਜਲਦੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ। ਅਹਿਮ ਗੱਲ ਇਹ ਹੈ ਕਿ ਜਿਸ ਸਮੇਂ ਰਾਵਤ ਅਤੇ ਕੈਪਟਨ ਦੀ ਮੀਟਿੰਗ ਚੱਲ ਰਹੀ ਸੀ ਤਾਂ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚ ਗਏ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਿੱਧੂ ਦਿੱਲੀ ਕਿਉਂ ਗਏ ਹਨ। ਮੰਗਲਵਾਰ ਨੂੰ ਹੀ ਸਿੱਧੂ ਅਤੇ ਰਾਵਤ ਦੀ ਮੁਲਾਕਾਤ ਵੀ ਹੋਈ ਸੀ। ਰਾਵਤ ਨੇ ਸਿੱਧੂ ਨੂੰ ਦੋ ਟੁੱਕ ਕਿਹਾ ਸੀ ਕਿ ਉਹ ਸੰਗਠਨ ਦਾ ਕੰਮ ਕਰਨ ਅਤੇ ਸਰਕਾਰ ਨੂੰ ਆਪਣਾ ਕੰਮ ਕਰਨ ਦੇਣ। ਸਰਕਾਰ ਦੇ ਕੰਮ ਵਿਚ ਉਹ ਦਖ਼ਲਅੰਦਾਜ਼ੀ ਨਾ ਕਰਨ।

MUST READ