ਸਰਕਾਰ ਦੀ ਨੀਤੀ ਹੱਲ ਕਰਨ ਦੀ ਨਹੀਂ, ਨੀਤੀ ਧੱਕਾ ਕਰਨ ਦੀ : ਸੁਖਬੀਰ ਬਾਦਲ
ਪੰਜਾਬੀ ਡੈਸਕ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ‘ਚ ਸੁਖਬੀਰ ਬਾਦਲ ਨੇ ਹਰਿਆਣਾ ਦੇ ਕਰਨਾਲ ਦੇ ਪਿੰਡ ਕੈਮਲਾ ‘ਚ ਕਿਸਾਨਾਂ ‘ਤੇ ਲਾਠੀਚਾਰਜ, ਪਾਣੀ ਦੀਆਂ ਬੌਛਾਰਾਂ ਮਾਰਨ ਤੇ ਹੰਝੂ ਗੈਸ ਦੇ ਗੋਲੇ ਸਿੱਟਣ ‘ਤੇ ਮੁੱਖ ਮੰਤਰੀ ਹਰਿਆਣਾ ਨੂੰ ਨਿੰਦਿਆ ਹੈ। ਉਨ੍ਹਾਂ ਕਿਹਾ ਕਿ, ਆਪਣੇ ਹੱਕ ਦੀ ਲੜਾਈ ਲੜਨ ਵਾਲੇ ਕਿਸਾਨਾਂ ਨਾਲ ਅਜਿਹਾ ਵਤੀਰਾ ਅਸਵੀਕਾਰਯੋਗ ਹੈ। ਉਨ੍ਹਾਂ ਕਿਹਾ ਕਿ, ਭਾਜਪਾ ਦੀ ਨੀਤੀ ਹੱਲ ਕਰਨ ਦੀ ਨਹੀਂ, ਨੀਤੀ ਧੱਕਾ ਕਰਨ ਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ, ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੈ ਅਤੇ ਉਹ ਇਨ੍ਹਾਂ ਦਾ ਕਿੰਨਾ ਸਬਰ ਪਰਖਣਗੇ।
ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਤੋਂ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫੀ ਦੀ ਦਰਖ਼ਾਸਤ ਵੀ ਕੀਤੀ। ਉਨ੍ਹਾਂ ਕਿਹਾ ਕਿ, ਜਦੋਂ ਰਾਜੋਆਣਾ ਖਿਲਾਫ ਸੁਪਰੀਮ ਕੋਰਟ ਦੀ ਪਹਿਲੀ ਪਟੀਸ਼ਨ ਆਈ ਸੀ, ਉਦੋਂ ਪੰਜਾਬ ‘ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਰਾਜੋਆਣਾ ਨੂੰ ਫਾਂਸੀ ਦੇਣ ‘ਤੇ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ, ਰਾਜੋਆਣਾ ਆਪਣੀ ਸਜਾ ਭੁਗਤ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਫਾਂਸੀ ਦੀ ਸਜਾ ਮੁਆਫ ਕਰ ਦੇਣੀ ਚਾਹੀਦੀ ਹੈ।
ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਤੇ ਕੈਪਟਨ ਸਰਕਾਰ ਦੀ ਨੀਅਤ ‘ਚ ਖੋਟ ਦਸਦਿਆਂ ਕਿਹਾ ਕਿ, ਪੰਜਾਬ ‘ਚ ਕੈਪਟਨ ਦੀ ਸਰਕਾਰ ਜੋ ਹਾਈਵੇ ਕਿਸਾਨਾਂ ਦੀ ਜਮੀਨਾਂ ‘ਤੇ ਲਾ ਰਹੀ ਹੈ, ਉਸਦਾ ਰੇਟ ਕਿਸਾਨਾਂ ਨੂੰ ਬਹੁਤ ਘੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਕੈਪਟਨ ਅਮਰਿੰਦਰ ਘੱਟ ਰੇਟਾ ‘ਚ ਕਿਸਾਨਾਂ ਦੀ ਜਮੀਨਾਂ ਖਰੀਦ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ।