ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਭਾਜਪਾ ‘ਚ ਸ਼ਾਮਿਲ, ਰਾਮੂਵਾਲੀਆ ਨੇ ਕਿਹਾ “ਮੇਰੇ ਨਾਲ ਅੱਜ ਤੋਂ ਰਿਸ਼ਤਾ ਖ਼ਤਮ”

ਪੰਜਾਬ ਦੀ ਸਿਆਸਤ ਚ ਵੱਡਾ ਫੇਰਬਦਲ ਹੋਇਆ ਹੈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਕੁੜੀ ਅਮਨਜੌਤ ਕੌਰ ਰਾਮੂਵਾਲੀਆ ਸਮੇਤ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਰਾਜਧਾਨੀ ਸਥਿਤ ਪਾਰਟੀ ਦਫ਼ਤਰ ‘ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਕੇਂਦਰੀ ਮੰਤਰੀ ਦੁਸ਼ਿਅੰਤ ਗੌਤਮ, ਮੈਂਬਰ ਪਾਰਲੀਮੈਂਟ ਤੇ ਇੰਚਾਰਜ ਪੰਜਾਬ ਭਾਜਪਾ ਤਰੁਣ ਚੁੱਘ ਤੇ ਭਾਜਪਾ ਚੰਡੀਗੜ੍ਹ ਸਟੇਟ ਸਕੱਤਰ ਤੇਜਿੰਦਰ ਦੀ ਮੌਜੂਦਗੀ ‘ਚ ਅਮਨਜੋਤ ਕੌਰ ਨੇ ਭਾਜਪਾ ਦੀ ਮੈਂਬਰਤਾ ਗ੍ਰਹਿਣ ਕੀਤੀ।


ਦੱਸ ਦੇਈਏ ਕਿ ਸਾਲ 2012 ‘ਚ ਜਦੋਂ ਬਲੰਵਤ ਸਿੰਘ ਰਾਮੂਵਾਲੀਆ ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਮਗਰੋਂ ਮੋਹਾਲੀ ਤੋਂ ਚੋਣ ਲੜੀ ਸੀ ਤਾਂ ਕੁਝ ਅਰਸੇ ਬਾਅਦ ਉਨ੍ਹਾਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬਣਾਇਆ ਗਿਆ ਸੀ। ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਕਾਫ਼ੀ ਨਾਰਾਜ਼ ਹਨ ਉਨ੍ਹਾਂ ਦੱਸਿਆ ਕਿ ਅਮਨਜੋਤ ਦੇ ਭਾਜਪਾ ‘ਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਮ ਨੂੰ 5 ਵਜੇ ਪ੍ਰੈੱਸ ਕਾਨਫਰੰਸ ਦੌਰਾਨ ਉਹ ਇਸ ਬਾਰੇ ਆਪਣਾ ਪਰਿਵਾਰਕ ਪੱਖ ਵੀ ਰੱਖਣਗੇ।


ਰਾਮੂਵਾਲੀਆ ਨੇ ਅੱਗੇ ਕਿਹਾ ਕਿ ਉਸ ਨੂੰ ਆਪਣੀ ਧੀ ਦੇ ਬੀਜੇਪੀ ‘ਚ ਸ਼ਾਮਿਲ ਹੋਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਉਹ ਤਾਂ ਆਪਣੇ ਪਿੰਡ ਆਏ ਹੋਏ ਨੇ ਅਤੇ ਆਪਣੀ ਫਸਲ ਦੀ ਸਾਂਭ-ਸੰਭਾਲ ਕਰ ਰਹੇ ਹਨ। ਪਰ ਉਨ੍ਹਾਂ ਕਿਹਾ ਕਿ ਉਸ ਦੀ ਧੀ ਨੇ ਦਸਮ ਪਿਤਾ ਨਾਲ ਧ੍ਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਆਪਣੀ ਧੀ ਨਾਲ ਕੋਈ ਰਿਸ਼ਤਾ ਨਹੀਂ ਹੈ। ਰਾਮੂਵਾਲੀਆ ਨੇ ਕਿਹਾ ਇਹ ਬੀਜੇਪੀ ਵਾਲਿਆ ਦੀ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਉਸ ਦੀ ਧੀ ਨੇ ਬੀਜੇਪੀ ‘ਚ ਸ਼ਾਮਿਲ ਹੋ ਕੇ ਖੁਦਕੁਸ਼ੀ ਕੀਤੀ ਹੈ। ਉਸ ਨੇ ਉਨ੍ਹਾਂ ਦੀ ਕੁੱਲ ਅਤੇ ਉਸ ਦੀ ਪੱਗ ਨੂੰ ਬਹੁਤ ਵੱਡਾ ਦਾਗ ਲਾਇਆ ਹੈ। ਮੈਂ ਉਸ ਨਾਲ ਆਪਣੇ ਸਾਰੇ ਹੀ ਸਬੰਧ ਤੋੜ ਰਿਹਾ ਹਾਂ। ‌ਕਿਉਂਕਿ ਉਸ ਦੀ ਮਾਂ ਕੈਂਸਰ ਦੀ ਮਰੀਜ਼ ਹੈ ਅਤੇ ਉਹ ਉਦੋਂ ਤੋਂ ਹੀ ਰੋ ਰਹੀ ਹੈ ਕਿ ਉਸ ਦੀ ਧੀ ਨੇ ਇਹ ਕੀ ਕਰ ਦਿੱਤਾ ਹੈ। ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਕਿਸ ਨਾਲ ਰਾਇ ਕਰਕੇ ਇਹ ਕਦਮ ਚੁੱਕਿਆ ਹੈ।

MUST READ