ਪੰਜਾਬ ਦੇ 8 ਜ਼ਿਲ੍ਹਿਆਂ ’ਚ ਹੜ੍ਹ; ਗੁਰਦਾਸਪੁਰ ’ਚ ਸਥਿਤੀ ਨਾਜ਼ੁਕ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ 8 ਜ਼ਿਲ੍ਹੇ ਇਕ ਵਾਰ ਫਿਰ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਭਾਖੜਾ ਡੈਮ ਅਤੇ ਪੌਂਗ ਡੈਮ ਵਿਚੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਨਾਲ ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਧਿਆਨ ਰਹੇ ਕਿ ਪਿਛਲੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪਿਆ ਹੈ ਅਤੇ ਇਸ ਕਰਕੇ ਭਾਖੜਾ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ। ਜਿਸ ਕਰਕੇ ਡੈਮਾਂ ਵਿਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਕਰਕੇ ਰੂਪਨਗਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਵਿਚ ਘਿਰ ਗਏ। ਉਧਰ ਦੂਜੇ ਪਾਸੇ ਪੌਂਗ ਡੈਮ ਵਿਚੋਂ ਛੱਡੇ ਜਾ ਰਹੇ ਪਾਣੀ ਨਾਲ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਰਕੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਅੰਮਿ੍ਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਈ  ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ। ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਵਿਚੋਂ ਛੱਡੇ ਜਾ ਰਹੇ ਪਾਣੀ ਨਾਲ ਗੁਰਦਾਸਪੁਰ ਵਿਚ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਹੈ। ਉਥੇ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਪ੍ਰਸ਼ਾਸਨ ਵਲੋਂ ਖਾਲੀ ਕਰਵਾਇਆ ਜਾ ਚੁੱਕਾ ਹੈ। ਕਪੂਰਥਲਾ ਦੇ ਵਿਧਾਨ ਸਭਾ ਖੇਤਰ ਭੁਲੱਥ ਦੇ ਕਈ ਪਿੰਡਾਂ ਵਿਚ ਵੀ ਪਾਣੀ ਦਾਖਲ ਹੋ ਚੁੱਕਾ ਹੈ। ਇਸੇ ਦੌਰਾਨ ਬਿਆਸ ਦਰਿਆ ਨੇ ਅੰਮਿ੍ਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਵੀ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

MUST READ