ਭਾਰਤ ਸਮੇਤ ਹੋਰ ਕਈ ਦੇਸ਼ਾਂ ਲਈ ਦੁਬਈ ਨੇ ਕੀਤੀਆਂ ਉਡਾਨਾਂ 31 ਜੁਲਾਈ ਤਕ ਬੰਦ

ਕੋਰੋਨਾ ਕਰਕੇ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਰੱਦ ਹਨ ਅਤੇ ਹਰ ਦੇਸ਼ ਅਹਿਤਿਆਤ ਵਜੋਂ ਅਜਿਹਾ ਕਰ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਰਹੇ ਅਤੇ ਉੱਥੇ ਜਾਣ ਦੀ ਤਮੰਨਾ ਰੱਖਣ ਵਾਲੇ ਭਾਰਤੀਆਂ ਨੂੰ ਯੂਏਈ ਦੀ ਏਤਿਹਾਦ ਏਅਰਵੇਜ਼ ਨੇ ਵੱਡਾ ਝਟਕਾ ਦਿੰਦਿਆਂ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲਾਈਆਂ ਬੰਦਿਸ਼ਾਂ 31 ਜੁਲਾਈ ਤੱਕ ਵਧਾ ਦਿੱਤੀਆਂ ਹਨ। ਏਤਿਹਾਦ ਏਅਰਵੇਜ਼ ਨੇ ਟਵਿੱਟਰ ‘ਤੇ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਇਹ ਕਦਮ ਚੁੱਕੇ ਗਏ ਹਨ।

ਦੱਸਣਯੋਗ ਹੈ ਕਿ ਯੂਏਈ ਜਾਣ ਲਈ ਸਿਰਫ਼ ਵਿਦੇਸ਼ੀ ਰਾਜਦੂਤਾਂ, ਯੂਏਈ ਦੇ ਨਾਗਰਿਕਾਂ ਅਤੇ ਗੋਲਡੇਜ ਵੀਜ਼ਾ ਹਾਸਲ ਕਰਨ ਵਾਲਿਆਂ ਨੂੰ ਹੀ ਛੋਟ ਦਿੱਤੀ ਗਈ ਹੈ। ਅਜਿਹੇ ਲੋਕਾਂ ਨੂੰ ਜਹਾਜ਼ ਦੀ ਉਡਾਣ ਤੋਂ 48 ਘੰਟੇ ਪਹਿਲਾਂ ਪੀਸੀਆਰ ਟੈਸਟ ਕਰਾਉਣਾ ਹੋਵੇਗਾ। ਇਸ ਟੈਸਟ ਵਿੱਚ ਨੈਗੇਟਿਵ ਆਉਣ ਵਾਲਿਆਂ ਨੂੰ ਹੀ ਯਾਤਰਾ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮੀਰਾਤ ਏਅਰਲਾਈਨਜ਼ ਨੇ ਵੀ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਲਈ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ।

ਦੱਸ ਦੇਈਏ ਕਿ ਏਤਿਹਾਦ ਨੇ ਪਹਿਲਾਂ ਭਾਰਤ ਸਣੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ 21 ਜੁਲਾਈ ਤੱਕ ਪਾਬੰਦੀ ਲਾ ਦਿੱਤੀ ਸੀ, ਜਿਸ ਨੂੰ ਹੁਣ ਵਧਾ ਕੇ 31 ਜੁਲਾਈ ਕਰ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਜਨਰਲ ਸਿਵਿਕ ਐਵੀਏਸ਼ਨ ਅਥਾਰਟੀ ਨੇ ਕਿਹਾ ਕਿ 13 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਅਜੇ ਲੱਗੀ ਹੋਈ ਹੈ। ਇਸ ਪਾਬੰਦੀ ਕਾਰਨ ਵੱਡੀ ਗਿਣਤੀ ਵਿੱਚ ਕਾਮੇ, ਖਾਸ ਤੌਰ ‘ਤੇ ਸਿਹਤ ਖੇਤਰ ‘ਚ ਕੰਮ ਕਰਨ ਵਾਲੇ ਲੋਕ ਭਾਰਤ ਵਿੱਚ ਫਸੇ ਹੋਏ ਹਨ। ਅਜਿਹੇ ਭਾਰਤੀ ਕਾਮੇ ਸੰਯੁਕਤ ਅਰਬ ਅਮੀਰਾਤ ਪਰਤਣ ਦੀ ਉਮੀਦ ਕਰ ਰਹੇ ਸਨ। ਏਤਿਹਾਦ ਏਅਰਲਾਈਨਜ਼ ਅਬੁਧਾਬੀ ਤੋਂ ਉਡਾਣਾਂ ਨੂੰ ਸੰਚਾਲਤ ਕਰਦੀ ਹੈ। ਇੱਥੇ ਹੀ ਉਸ ਦਾ ਮੁੱਖ ਦਫ਼ਤਰ ਵੀ ਹੈ।


ਕੋਰੋਨਾ ਕਰਕੇ ਬਾਰ ਬਾਰ ਹਵਾਈ ਉਡਾਣਾਂ ਰੱਦ ਹੋ ਰਹੀਆਂ ਹਨ। ਜਿਸ ਕਰਕੇ ਲੋਕਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ । ਅਜਿਹੇ ਚ ਜਦੋ ਤਕ ਕੋਰੋਨਾ ਦਾ ਕਹਿਰ ਪੁਰੀ ਤਰ੍ਹਾਂ ਨਾਲ ਨਹੀਂ ਥਮਦਾ ਉਦੋਂ ਤਕ ਇਹ ਪਰੇਸ਼ਾਨੀ ਦਾ ਸਾਹਮਣਾ ਇਸੇ ਤਰਾਹ ਨਾਲ ਕਰਨਾ ਪੈ ਸਕਦਾ ਹੈ।

MUST READ