ਜਾਣੋ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਕਿਉਂ ਕਿਹਾ ਭਾਜਪਾ ਦਾ ਏਜੰਟ, ਭਖ਼ ਸਕਦਾ ਹੈ ਮਾਮਲਾ

ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਡਾ ਹਮਲਾ ਕਰਦਿਆਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਦਾਦੂਵਾਲ ਕਰੀਬ 600 ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ਲਈ ਹਰਿਆਣਾ ਸਰਕਾਰ ਨੂੰ 7 ਦਿਨਾਂ ‘ਚ ਸਿਫ਼ਾਰਸ਼ ਕਰਨ ਨਹੀਂ ਤਾਂ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਤੇ ਸੱਤਾਧਾਰੀ ਧਿਰ ਦਾ ਏਜੰਟ ਕਰਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਾਦੂਵਾਲ ਨੇ ਭਾਜਪਾ ਦੇ ਆਗੂ ਵਿਜੈ ਸਾਂਪਲਾ ਨੂੰ ਪਿੰਡ ਬੁਲਾਇਆ ਸੀ। ਇਸ ਮੌਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਪੁਲਿਸ ਕਿਸਾਨਾਂ ਉੱਪਰ ਕੇਸ ਦਰਜ ਕੀਤੇ ਹਨ ਜਿਸ ਬਾਰੇ ਦਾਦੂਵਾਲ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਭਾਜਪਾ ਆਗੂਆਂ ਦਾ ਜਨਤਕ ਵਿਰੋਧ ਜਾਰੀ ਹੈ।


ਉਧਰ, ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵਿਚਾਲੇ ਰੇੜਕਾ ਵਧਦਾ ਜਾ ਰਿਹਾ ਹੈ। ਚੜੂਨੀ ਨੇ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦੇ ਬਾਈਕਾਟ ਦੀ ਚੇਤਾਵਨੀ ਦਿੱਤੀ ਹੈ। ਇਸ ਮਗਰੋਂ ਸੰਯੁਕਤ ਕਿਸਾਨ ਮੋਰਚਾ ਵੀ ਸਰਗਰਮ ਹੋਇਆ ਹੈ। ਇਸ ਰੇੜਕੇ ਨੂੰ ਖਤਮ ਕਰਨ ਲਈ ਕਮੇਟੀਆਂ ਬਣਾਈਆਂ ਹਨ। ਇਹ ਪੰਜ-ਪੰਜ ਮੈਂਬਰਾਂ ਦੀਆਂ ਦੋ ਕਮੇਟੀਆਂ ਕਿਸਾਨ ਮੋਰਚੇ ਦੇ ਅੰਦਰੂਨੀ ਮਾਮਲਿਆਂ ਬਾਰੇ ਚਰਚਾ ਕਰਨਗੀਆਂ। ਇਨ੍ਹਾਂ ਕਮੇਟੀਆਂ ਵਿੱਚੋਂ ਇੱਕ ਕਮੇਟੀ ਹਰਿਆਣਾ ਦੀਆਂ ਹੋਰਨਾਂ ਯੂਨੀਅਨਾਂ/ਖਾਪਾਂ ਨਾਲ ਤਾਲਮੇਲ ਮਜ਼ਬੂਤ ਕਰੇਗੀ ਤੇ ਇੱਕ ਕਮੇਟੀ ਕੌਮੀ ਪੱਧਰ ਦੇ ਮਾਮਲੇ ਦੇਖੇਗੀ।


ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਮੋਰਚੇ ਦੀ ਹੋਈ ਬੈਠਕ ਵਿੱਚ ਗੁਰਨਾਮ ਸਿੰਘ ਚੜੂਨੀ ਦਾ ਮਾਮਲਾ ਵਿਚਾਰਿਆ ਗਿਆ। ਬੂਟਾ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਮਾਮਲਿਆਂ ਦੀ ਕਮੇਟੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਾਂਗ ਇਸ ਸੂਬੇ ਦੀਆਂ ਯੂਨੀਅਨਾਂ/ਖਾਪਾਂ ਵਿਚਾਲੇ ਤਾਲਮੇਲ ਬਿਠਾਉਣ ਦਾ ਕੰਮ ਕਰੇਗੀ। ਦੱਸ ਦਈਏ ਕਿ ਪੰਜਾਬ ਤੋਂ ‘ਪੱਗੜੀ ਸੰਭਾਲ ਲਹਿਰ’ ਦੇ ਸਤਨਾਮ ਸਿੰਘ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਫੈਡਰੇਸ਼ਨ ਗੁਰਦਾਸਪੁਰ ਦੇ ਇੰਦਰਪਾਲ ਸਿੰਘ, ਕਿਸਾਨ ਯੂਨੀਅਨ ਮਾਝਾ ਦੇ ਗੁਰਮੁਖ ਸਿੰਘ ਤੇ ਸੁਖਜੀਤ ਸਿੰਘ ਆਦਿ ਮੋਰਚੇ ਦੀ ਬੈਠਕ ਵਿੱਚ ਜਾ ਬੈਠੇ ਸਨ। ਇਹ ਗੁੱਟ ਮੋਰਚੇ ਦਾ ਹਿੱਸਾ ਨਹੀਂ ਹਨ ਜਿਸ ਕਰਕੇ ਮੀਟਿੰਗ ‘ਚੋਂ ਉਨ੍ਹਾਂ ਨੂੰ ਬਾਹਰ ਜਾਣ ਲਈ ਆਖ ਦਿੱਤਾ ਗਿਆ ਸੀ।


ਇਸ ਤੋਂ ਬਾਅਦ ਚੜੂਨੀ ਨੇ ਪੰਜਾਬ ਦੀਆਂ 32 ਯੂਨੀਅਨਾਂ ‘ਤੇ ਦੋਸ਼ ਲਾਏ ਸਨ। ਸੂਤਰਾਂ ਮੁਤਾਬਕ ਹਰਿਆਣਾ ਵਾਲੀ ਕਮੇਟੀ ਟਿਕਰੀ, ਸਿੰਘੂ ਮੋਰਚਿਆਂ ‘ਤੇ ਬੈਠੀਆਂ ਖਾਪਾਂ ਤੇ ਯੂਨੀਅਨਾਂ, ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਚੜੂਨੀ ਦੇ ‘ਪੰਜਾਬ ਮਿਸ਼ਨ’ ਬਾਰੇ ਕੀਤੇ ਸਖ਼ਤ ਇਤਰਾਜ਼ਾਂ, ਨਵੀਆਂ ਜਥੇਬੰਦੀਆਂ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਜਾਂ ਸਿਆਸੀ ਸਬੰਧਾਂ ਦੀ ਜਾਂਚ ਕਰਕੇ ਅੱਗੋਂ ਸ਼ਾਮਲ ਕਰਨ ਜਾਂ ਨਾ ਕਰਨ ਬਾਰੇ ਸੁਝਾਅ ਦੇਵੇਗੀ। ਇਸ ਕਮੇਟੀ ‘ਚ ਅਭਿਮੰਨਿਊ, ਜਰਨੈਲ ਸਿੰਘ ਰਤੀਆ, ਜੋਗਿੰਦਰ ਨੈਨ, ਗੁਰਨਾਮ ਸਿੰਘ ਜੱਬਰ ਤੇ ਜਸਬੀਰ ਭੱਟੀ ਸ਼ਾਮਲ ਹਨ। ਕੌਮੀ ਪੱਧਰ ਦੇ ਮਾਮਲੇ ਦੇਖਣ ਲਈ ਬਣਾਈ ਕਮੇਟੀ ‘ਚ ਇੰਦਰਜੀਤ ਸਿੰਘ, ਦਿੱਲੀ ਤੋਂ ਵਰਿੰਦਰ ਸਿੰਘ, ਰਾਜੀਵ ਰਾਜੂ, ਆਤਮਜੀਤ ਤੇ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਹਨ। ਇਹ ਕਮੇਟੀ ਚੜੂਨੀ ਨਾਲ ਜੁੜੇ ਕੌਮੀ ਪੱਧਰ ਦੇ ਮਾਮਲੇ ਤੇ ਮੋਰਚੇ ਦੀ ਅਗਲੀ ਰਣਨੀਤੀ ਸਮੇਤ ਬਾਕੀ ਮਾਮਲੇ ਵਿਚਾਰੇਗੀ। ਸੂਤਰਾਂ ਮੁਤਾਬਕ ਮੋਰਚੇ ਦੀ ਕੋਸ਼ਿਸ਼ ਗੁਰਨਾਮ ਸਿੰਘ ਚੜੂਨੀ ਨਾਲ ਮੱਤਭੇਦ ਖਤਮ ਕਰਨ ਤੇ ਸ਼ਾਂਤਮਈ ਤਰੀਕੇ ਨਾਲ ਹੱਲ ਲੱਭਣ ਦੀ ਹੈ। ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਦੇ ਮਤਭੇਦ ਖਤਮ ਹੋ ਪਾਉਣਗੇ ਜਾ ਨਹੀਂ।

MUST READ