ਜਾਣੋ, ਕਿਸਾਨਾਂ ਦੇ ਮੁੱਦੇ ‘ਤੇ ਅੱਜ ਸੁਪਰੀਮ ਕੋਰਟ ਦਾ ਕੀ ਹੋਵੇਗਾ ਫੈਸਲਾ
ਪੰਜਾਬੀ ਡੈਸਕ :- ਖੇਤੀਬਾੜੀ ਕਾਨੂੰਨਾਂ ਰੱਦ ਕਾਰਵਾਉਂਣ ਲਈ ਅੰਦੋਲਨ ਕਰ ਰਹੇ ਕਿਸਾਨ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ‘ਤੇ ਨਜ਼ਰ ਮਾਰ ਰਹੇ ਹਨ। ਸੋਮਵਾਰ ਨੂੰ ਅਦਾਲਤ ਦਾ ਵਤੀਰਾ ਵੇਖ ਕੇ ਕਿਸਾਨ ਕੁਝ ਸੰਤੁਸ਼ਟ ਨਜ਼ਰ ਆਏ। ਹਾਲਾਂਕਿ, ਕਿਸਾਨ ਖੇਤੀਬਾੜੀ ਐਕਟ ਨੂੰ ਰੱਦ ਕਰਨ ‘ਤੇ ਅੜੇ ਹਨ ਅਤੇ ਉਨ੍ਹਾਂ ਨੇ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਹੋਰ ਕੋਈ ਫੈਸਲਾ ਮੰਜੂਰ ਨਹੀਂ ਅਤੇ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ। ਉੱਥੇ ਹੀ ਕਿਸਾਨਾਂ ਵਲੋਂ 26 ਜਨਵਰੀ ਨੂੰ ਦਿੱਲੀ ‘ਚ ਕਿਸਾਨ ਟ੍ਰੈਕਟਰ ਰੈਲੀ ਵੀ ਕੱਢੀ ਜਾਣੀ ਹੈ। ਕਿਸਾਨਾਂ ਦੀ ਅਗਲੀ ਰਣਨੀਤੀ ਸੁਪਰੀਮ ਕੋਰਟ ਦੇ ਫੈਸਲੇ ‘ਤੇ ਨਿਰਧਾਰਿਤ ਕਰਦੀ ਹੈ।

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ, ਪਹਿਲੇ ਦਿਨ ਤੋਂ ਸਾਡੀ ਸਿਰਫ ਇੱਕ ਹੀ ਮੰਗ ਹੈ ਅਤੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਤੇ ਐਮਐਸਪੀ ‘ਤੇ ਕਾਨੂੰਨ ਬਣਾਇਆ ਜਾਵੇ। ਸਰਕਾਰ ਦੀ ਇਸ ਘੋਸ਼ਣਾ ਤੋਂ ਬਾਅਦ ਹੀ ਕਿਸਾਨ ਆਰਾਮ ਨਾਲ ਆਪਣੇ ਘਰਾਂ ਨੂੰ ਪਰਤਣਗੇ। ਉਨ੍ਹਾਂ ਕਿਹਾ ਕਿ, ਸਰਕਾਰ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਇਨ੍ਹਾਂ ਕਮੇਟੀਆਂ ਦਾ ਗਠਨ ਕਰੇ ਅਤੇ ਇਨ੍ਹਾਂ ਕਾਨੂੰਨਾਂ ਨੂੰ ਫਿਲਹਾਲ ਮੁਲਤਵੀ ਕਰ ਦੇਵੇ। ਪਰ ਉਨ੍ਹਾਂ ਦਾ ਇਕੋ ਨਾਅਰਾ ਹੈ ਕਿ, ਕਾਨੂੰਨ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ। ਕਿਸਾਨ ਆਗੂ ਅਭਿਮਨਿਉ ਕੋਹਾੜ ਨੇ ਕਿਹਾ ਕਿ, 26 ਜਨਵਰੀ ਦੇ ਕਿਸਾਨ ਪਰੇਡ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਸਾਰੀਆਂ ਟਰੈਕਟਰ-ਟਰਾਲੀਆਂ 24 ਜਨਵਰੀ ਦੀ ਰਾਤ ਤੱਕ ਹਰ ਦਿੱਲੀ ਦੇ ਬਾਰਡਰ ‘ਤੇ ਪਹੁੰਚ ਜਾਣਗੀਆਂ। ਇਸ ਤੋਂ ਬਾਅਦ ਪੂਰੀ ਰਣਨੀਤੀ ਬਣਾਕੇ ਦਿੱਲੀ ‘ਚ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ 13 ਨੂੰ ਲੋਹੜੀ ਅਤੇ 18 ਨੂੰ ਮਹਿਲਾ ਕਿਸਾਨ ਪੰਚਾਇਤ ਲਈ ਪ੍ਰੋਗਰਾਮ ਐਲਾਨੇ ਗਏ ਹਨ। ਇਸ ਨਾਲ ਹੀ ਸਰਕਾਰ ਨਾਲ ਤੈਅ ਹੋਈ ਅਗਲੀ ਬੈਠਕ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ, ਅਸੀਂ ਜਾਣਦੇ ਹਾਂ ਕਿ, 15 ਜਨਵਰੀ ਨੂੰ ਸਰਕਾਰ ਨਾਲ ਕੀਤੀ ਜਾਣ ਵਾਲੀ ਗੱਲਬਾਤ ਦਾ ਕੋਈ ਹੱਲ ਨਿਕਲ ਕੇ ਸਾਹਮਣੇ ਨਹੀਂ ਆਉਂਣ ਵਾਲਾ ਹੈ ਪਰ ਸਰਕਾਰ ਦੀ ਪੋਲ ਖੋਲ੍ਹਣ ਲਈ ਗੱਲਬਾਤ ਲਈ ਜ਼ਰੂਰ ਜਾਵਾਂਗੇ।