ਜਾਣੋ ਹੁਣ ਕੀ ਹੋ ਸਕਦੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਲੀ ਰਣਨੀਤੀ

ਪੰਜਾਬ ਚ ਵੱਡੀ ਸਿਆਸੀ ਹਲਚਲ ਮਚੀ ਹੈ। ਇਸ ਦੌਰਾਨ ਅਸਤੀਫ਼ੇ ਤੋ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਦੇ ਬਿਆਨ ਨੇ ਕਾਂਗਰਸ ਦੇ ਨਾਲ ਪੰਜਾਬ ਦੇ ਰਾਜਨੀਤਕ ਗਲਿਆਰਿਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਮਰਿੰਦਰ ਨੇ ਅਪਮਾਨ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਤੋਂ ਤੁਰੰਤ ਬਾਅਦ, ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ “ਦੇਸ਼ ਵਿਰੋਧੀ” ਵੀ ਕਿਹਾ।

ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋਵੇਗਾ। ਦੂਜੇ ਪਾਸੇ, ਪੰਜਾਬ ਦੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਮੋਦੀ ਸਰਕਾਰ ਵਿੱਚ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਗੱਲਬਾਤ ਕਰਦਿਆਂ ਕਿਹਾ, ‘ਕਾਂਗਰਸ ਨੇ ਮੁੱਖ ਮੰਤਰੀ ਨੂੰ ਲਾਂਭੇ ਕਰ ਕੇ ਸਵੀਕਾਰ ਕਰ ਲਿਆ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਸਾਰੇ ਮੋਰਚਿਆਂ ‘ਤੇ ਅਸਫਲ ਰਹੀ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ‘ਤੇ ਮਾਫੀਆ, ਭ੍ਰਿਸ਼ਟਾਚਾਰ ਅਤੇ ਗੈਰਕਨੂੰਨੀ ਖਣਨ ਨੂੰ ਉਤਸ਼ਾਹਤ ਕਰਨ ਦਾ ਦੋਸ਼ ਵੀ ਲਾਇਆ। ਪਰ ਨਾਲ ਹੀ ਸੋਮ ਪ੍ਰਕਾਸ਼ ਨੇ ਇਹ ਵੀ ਕਿਹਾ, ‘ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਬਾਰੇ ਜੋ ਕਹਿ ਰਹੇ ਹਨ ਉਹ ਸੱਚ ਹੈ ਅਤੇ ਹਰ ਕੋਈ ਇਸ ਨੂੰ ਜਾਣਦਾ ਹੈ।

ਇਸ ਸਵਾਲ ਉਤੇ ਕਿ ਕੀ ਕੈਪਟਨ ਭਾਜਪਾ ਵਿੱਚ ਸ਼ਾਮਲ ਹੋਣਗੇ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ, “ਕੋਈ ਨਹੀਂ ਜਾਣਦਾ ਕਿ ਰਾਜਨੀਤੀ ਵਿੱਚ ਕੀ ਹੋਵੇਗਾ।” ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਬਾਰੇ ਫੈਸਲਾ ਲੈਣਾ ਪਵੇਗਾ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸਰਦਾਰ ਆਰ ਪੀ ਸਿੰਘ ਨੇ ਕਿਹਾ, “ਇਹ ਕੈਪਟਨ ਸਾਹਬ ਨੂੰ ਫੈਸਲਾ ਕਰਨਾ ਹੈ ਕਿ ਉਨ੍ਹਾਂ ਦਾ ਪਰਿਵਾਰ (ਗਾਂਧੀ ਪਰਿਵਾਰ) ਤੋਂ ਮੋਹ ਭੰਗ ਹੈ ਜਾਂ ਨਹੀਂ ਅਤੇ ਅੱਗੇ ਕੀ ਯੋਜਨਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਜ਼ਾਹਿਰ ਕਰਨ। ਫਿਰ ਪਾਰਟੀ ਉਚਿਤ ਸਮੇਂ ਤੇ ਫੈਸਲਾ ਲਵੇਗੀ।

ਹੁਣ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਦੱਸ ਦੇਈਏ ਕਿ ਪੰਜਾਬ ਵਿੱਚ ਅਕਾਲੀ ਦਲ ਦਾ ਗਠਜੋੜ ਛੱਡਣ ਤੋਂ ਬਾਅਦ ਭਾਜਪਾ ਪਹਿਲੀ ਵਾਰ ਆਪਣੇ ਬਲਬੂਤੇ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਸੂਬੇ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਭਾਜਪਾ ਕੋਲ ਇਸ ਵੇਲੇ ਮਜ਼ਬੂਤ ​​ਚਿਹਰਾ ਨਹੀਂ ਹੈ। ਰਾਜਨੀਤਿਕ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅਮਰਿੰਦਰ ਸਿੰਘ ਵਰਗੇ ਨੇਤਾ ਨਾਲ ਜੁੜ ਕੇ ਬੀਜੇਪੀ ਨੂੰ ਉਸੇ ਤਰ੍ਹਾਂ ਫਾਇਦਾ ਹੋ ਸਕਦਾ ਹੈ ਜਿਵੇਂ ਅਸਾਮ ਵਿੱਚ ਇਸਦਾ ਫਾਇਦਾ ਹੋਇਆ ਹੈ। ਦੂਜੇ ਪਾਸੇ, ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਢੁਕਵੇਂ ਸਮੇਂ ‘ਤੇ ਸਿਆਸੀ ਵਿਕਲਪਾਂ ਬਾਰੇ ਗੱਲ ਕਰਨਗੇ। 79 ਸਾਲਾ ਨੇਤਾ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਸਲਾਹ ਕਰਕੇ ਆਪਣੇ ਭਵਿੱਖ ਦਾ ਫੈਸਲਾ ਕਰਨਗੇ।

ਅਸਤੀਫਾ ਸੌਂਪਣ ਤੋਂ ਬਾਅਦ, ਉਸਨੇ ਕਿਹਾ, ‘ਹਮੇਸ਼ਾਂ ਇੱਕ ਵਿਕਲਪ ਹੁੰਦਾ ਹੈ, ਅਤੇ ਜਦੋਂ ਸਮਾਂ ਆਵੇਗਾ, ਮੈਂ ਉਸ ਵਿਕਲਪ ਦੀ ਵਰਤੋਂ ਕਰਾਂਗਾ … ਮੈਂ ਅਜੇ ਵੀ ਕਾਂਗਰਸ ਵਿੱਚ ਹਾਂ’। ਅੰਗਰੇਜ਼ੀ ਦੀ ਇੱਕ ਅਖ਼ਬਾਰ ਦੇ ਅਨੁਸਾਰ, ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ‘ਅਮਰਿੰਦਰ ਸਿੰਘ ਆਪਣੇ ਫੌਜੀ ਪਿਛੋਕੜ, ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਪਾਕਿਸਤਾਨ ਸੰਪਰਕ ‘ਤੇ ਨਿਸ਼ਾਨਾ ਬਣਾ ਰਹੇ ਹਨ – ਇਹ ਸਭ ਭਾਜਪਾ ਨਾਲ ਮੇਲ ਖਾਂਦਾ ਹੈ। ਕੁਮਾਰ ਨੇ ਕਿਹਾ- ‘ਕੈਪਟਨ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਣ। ਨਵੀਂ ਪਾਰਟੀ ਬਣਾਉਣਾ ਸੌਖਾ ਨਹੀਂ ਹੈ। ਉਨ੍ਹਾਂ ਦੀ ਸਭ ਤੋਂ ਵਧੀਆ ਦਾਅ ਭਾਰਤੀ ਜਨਤਾ ਪਾਰਟੀ ਹੋ ​​ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਦਰਮਿਆਨਾ ਅਕਸ ਹੈ ਅਤੇ ਉਹ ਪੰਜਾਬ ਦੇ ਹਿੰਦੂਆਂ ਵਿੱਚ ਇੱਕ ਪ੍ਰਵਾਨਤ ਨੇਤਾ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਪਾਰਟੀ ਬਣਾਉਣਾ ਸੌਖਾ ਨਹੀਂ ਹੈ। ਜੇ ਉਹ ਨਵੀਂ ਪਾਰਟੀ ਬਣਾਉਂਦੇ ਹਨ ਤਾਂ ਇਸ ਨਾਲ ਉਹਨਾਂ ਨੂੰ ਮਦਦ ਨਹੀਂ ਮਿਲਣੀ ਪਰ ਇਸ ਨਾਲ ਕਾਂਗਰਸ ਦੀਆਂ ਚੋਣ ਸੰਭਾਵਨਾਵਾਂ ਨੂੰ ਠੇਸ ਪਹੁੰਚੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ 2017 ਵਿੱਚ ਕਾਂਗਰਸ ਲੀਡਰਸ਼ਿਪ ਜਾਂ ਹਾਈ ਕਮਾਂਡ ਨੂੰ ਧਮਕੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਐਲਾਨਿਆ ਗਿਆ ਤਾਂ ਉਹ ਪਾਰਟੀ ਨੂੰ ਤੋੜ ਦੇਣਗੇ।

MUST READ