ਪਾਰਟੀ ਹਾਈਕਮਾਂਡ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਨਾ ਐਲਾਨੇ ਜਾਣ ਕਾਰਨ “ਆਪ” ‘ਚ ਛਿੜ ਸਕਦੀ ਹੈ ਜੰਗ
2022 ਚੋਣਾਂ ਨਜਦੀਕ ਆ ਰਹੀਆਂ ਹਨ ਪਰ ਆਪ ਵਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨਾ ਪਾਰਟੀ ਨੂੰ ਸਰਕਾਰ ਬਨਾਉਣ ਦੀ ਰੇਸ ਚ ਪਿਛਾੜ ਰਿਹਾ ਹੈ। ਪਾਰਟੀ ਹਾਈਕਮਾਂਡ ਵਲੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆ ਕੁੱਝ ਸੀਮਤ ਜਿਹੀਆਂ ਹੋ ਗਈਆਂ ਹਨ। ਰਾਜਨੀਤਕ ਤੌਰ ‘ਤੇ ਚੇਤਨ ਅਤੇ ਰਾਜਨੀਤੀ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨ ਵਾਲੇ ਸੂਬੇ ਦੇ ਕੁਝ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਫਿਲਹਾਲ ਦਿੱਲੀ ਦੀਆ ਬਰੂਹਾਂ ਤੋਂ ਪੰਜਾਬ ਨੂੰ ਰਵਾਨਾ ਹੀ ਨਹੀਂ ਹੋਈ, ਜਿਸ ਕਰ ਕੇ ਪਾਰਟੀ ਪੱਧਰ ‘ਤੇ ਕੀਤੇ ਜਾਣ ਵਾਲੇ ਸਾਰੇ ਸੂਬਾਈ ਅਤੇ ਕੌਮੀ ਸਮਾਗਮ ਕੀਤੇ ਹੀ ਨਹੀਂ ਜਾ ਰਹੇ।
ਇਹ ਵਖਰਾ ਵਿਸ਼ਾ ਹੈ ਕਿ ਇਸ ਪਾਰਟੀ ਦਾ ਪੰਜਾਬ ਵਾਲਾ ਕਾਡਰ ਬਹੁਤ ਅਣਥੱਕ ਅਤੇ ਮਿਹਨਤੀ ਹੈ ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਰੋਜ਼ਾਨਾ ਛੋਟੇ ਮੋਟੇ ਸਮਾਗਮ ਕਰ ਕੇ ਪਾਰਟੀ ਦੀ ਹੋਂਦ ਨੂੰ ਜ਼ਿੰਦਾ ਰੱਖਣ ਲਈ ਅਖ਼ਬਾਰੀ ਸੁਰਖ਼ੀਆਂ ਵਿਚ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੇ ਲੋਕਾਂ ਦੀ ਇਹ ਵੀ ਅਵਾਜ਼ ਹੈ ਕਿ ਦੇਸ਼ ਦੀ ਦਿੱਲੀ ਸੰਸਦ ਅੰਦਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਇਕੋ ਇਕ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਹਾਈਕਮਾਂਡ ਤੋਂ ਦੂਰੀਆ ਬਣਾਈਂ ਬੈਠੇ ਹਨ। ਪੰਜਾਬ ਦੇ ਲੋਕਾਂ ‘ਚ ਇਹ ਅਫਵਾਹ ਵੀ ਫੈਲ ਚੁਕੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਰਹੇ ਜਿਸ ਦੇ ਚਲਦਿਆਂ ਪਾਰਟੀ ਅੰਦਰ ਰੋਜ਼ਾਨਾ ਨਵੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਕਾਡਰ ਦਾ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਦੀ ਫ਼ਰਵਰੀ 2017 ‘ਚ ਹੋਈ ਚੋਣ ਦੌਰਾਨ ਇਹ ਭਗਵੰਤ ਮਾਨ ਹੀ ਸੀ ਜਿਸ ਦੀ ਬਦੌਲਤ ਇਸ ਪਾਰਟੀ ਨੇ 20 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਇਸ ਵਿਅਕਤੀ ਅੰਦਰ ਪਾਰਟੀ ਦੀ ਹਰ ਫ਼ਰੰਟ ਤੇ ਅਗਵਾਈ ਕਰਨ ਦੀ ਅਥਾਹ ਸਮਰੱਥਾ, ਤਾਕਤ ਅਤੇ ਹੌਸਲਾ ਹੈ ਜਿਸ ਦੇ ਚਲਦਿਆਂ ਉਹ ਭਵਿੱਖ ‘ਚ ਹੋਣ ਵਾਲੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਸ ਪਾਰਟੀ ਵਲੋਂ ਸੂੂਬਾਈ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਜਾ ਸਕਦਾ ਹੈ। ਇਤਹਾਸ ਗਵਾਹ ਹੈ ਕਿ ਦਿੱਲੀ ਕਦੇ ਵੀ ਪੰਜਾਬ ਦੀ ਨਹੀਂ ਹੋਈ ਕਿਉਂ ਕਿ ਕਾਂਗਰਸ ਸਮੇ ਹਰਮਿੰਦਰ ਸਾਹਿਬ ਤੇ ਹਮਲਾ ਭਾਜਪਾ ਸਮੇਂ ਕਿਸਾਨੀ ਦੀ ਘਾਣ ਪ੍ਰਤੱਖ ਪ੍ਰਮਾਣ ਹਨ। ਇਹ ਵੀ ਸਦੀਵੀ ਸੱਚ ਹੈ ਕਿ ਕਈ ਕੌਮੀ ਪਾਰਟੀਆਂ ਦੀ ਦਿੱਲੀ ਬੈਠੀ ਹਾਈਕਮਾਂਡ ਪੰਜਾਬ ਦੇ ਭਲੇ ਲਈ ਕਦੇ ਵੀ ਗੰਭੀਰ ਨਹੀਂ ਹੋਈ ਅਤੇ ਹਰ ਸਿਆਸੀ ਦ੍ਰਿਸ਼ਟੀਕੋਣ ਤੋਂ ਅਪਣੇ ਨਿਜੀ ਮੁਫਾਦਾਂ ਨੂੰ ਹਮੇਸ਼ਾ ਅੱਗੇ ਰਖਦੀ ਹੈ। ਉਸ ਨੂੰ ਸਾਰੇ ਜਾਣਦੇ ਹਨ।
ਹੁਣ ਇਸ ਤਰ੍ਹਾਂ ਦੀ ਅਫਵਾਹ ਭਗਵੰਤ ਮਾਨ ਦੇ ਬਾਰੇ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਦਿੱਲੀ ਬੈਠੀ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਪੰਜਾਬ ਦੀ ਅਗਵਾਈ ਸੌਂਪਣ ਤੋਂ ਕਤਰਾ ਰਹੀ ਹੈ ਪਰ ਇਹ ਸਮੇਂ ਦਾ ਸੱਚ ਹੈ ਕਿ ਪੰਜਾਬ ਅੰਦਰ ਪਾਰਟੀ ਨੂੰ ਸਿਰਫ ਭਗਵੰਤ ਮਾਨ ਹੀ ਜਿਤਾ ਸਕਦਾ ਹੈ, ਹੋਰ ਕਿਸੇ ‘ਚ ਕੋਈ ਦਮ ਨਹੀਂ।