ਜਿਹੜੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਨੂੰ ਕਾਨੂੰਨ ਦੀ ਸਮੱਸਿਆ ਦਾ ਨਹੀਂ ਪਤਾ: ਹੇਮਾ ਮਾਲਿਨੀ
ਪੰਜਾਬੀ ਡੈਸਕ :- ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ। ਇਹ ਵਿਵਾਦ ਸੁਪਰੀਮ ਕੋਰਟ ਰਾਹੀਂ ਖ਼ਤਮ ਹੋਣ ਦੀ ਉਮੀਦ ਜਤਾਈ ਗਈ ਸੀ ਪਰ ਕਿਸਾਨਾਂ ਦੀ ਇਸ ਉੱਮੀਦ ‘ਤੇ ਵੀ ਪਾਣੀ ਫਿਰ ਚੁੱਕਿਆ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ ਨੇ ਧਰਨੇ ‘ਤੇ ਬੈਠੇ ਕਿਸਾਨਾਂ ‘ਤੇ ਸੁਆਲ ਚੁੱਕੇ ਹਨ। ਦਸ ਦਈਏ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ, ਜਿਹੜੇ ਕਿਸਾਨ ਧਰਨੇ ‘ਤੇ ਬੈਠੇ ਹਨ, ਉਨ੍ਹਾਂ ਨੂੰ ਕਾਨੂੰਨ ਦੀ ਸਮੱਸਿਆ ਦਾ ਪਤਾ ਹੀ ਨਹੀਂ ਹੈ। ਸਮਾਚਾਰ ਏਜੇਂਸੀ ANI ਦੇ ਮੁਤਾਬਿਕ, ਹੇਮਾ ਮਾਲਿਨੀ ਨੇ ਬਿਆਨ ਦਿੱਤਾ ਕਿ, ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਇਹ ਨਹੀਂ ਮਾਲੂਮ ਕਿ, ਉਨ੍ਹਾਂ ਸਰਕਾਰ ਤੋਂ ਕੀ ਚਾਹੀਦਾ ਹੈ। ਇਸ ਤੋਂ ਸਾਫ ਦਿਖਾਈ ਦਿੰਦਾ ਹੈ ਕਿ, ਕਿਸੇ ਦੇ ਕਹਿਣ ‘ਤੇ ਉਹ ਧਰਨੇ ‘ਤੇ ਬੈਠੇ ਹੋਏ ਹਨ।
ਕਿਸਾਨ ਅੰਦੋਲਨ ‘ਤੇ ਵਿਰੋਧ ਜਾਰੀ
ਤੁਹਾਨੂੰ ਦੱਸ ਦੇਈਏ ਕਿ, ਇਸ ਤੋਂ ਪਹਿਲਾਂ ਵੀ ਕਈ ਭਾਜਪਾ ਨੇਤਾਵਾਂ ਨੇ ਕਿਸਾਨਾਂ ਦੇ ਅੰਦੋਲਨ ‘ਤੇ ਸਵਾਲ ਚੁੱਕੇ ਸਨ, ਜਿਸ ‘ਚ ਇਸ ਅੰਦੋਲਨ ਨੂੰ ਵਿਰੋਧੀ ਧਿਰਾਂ ਵਲੋਂ ਚਲਾਏ ਜਾਣ ਦੀ ਗੱਲ ਕੀਤੀ ਗਈ ਸੀ, ਜਦੋਂ ਕਿ ਕਈ ਵਾਰ ਅੰਦੋਲਨਕਾਰੀ ਕਿਸਾਨਾਂ ਨੂੰ ਖਾਲਿਸਤਾਨੀ ਪੱਖੀ ਸੰਗਠਨਾਂ ਦੇ ਨਾਲ ਹੋਣ ਦੀ ਗੱਲ ਵੀ ਕਹੀ ਜਾ ਚੁੱਕੀ ਹੈ। ਸੁਪਰੀਮ ਕੋਰਟ ਨੇ ਖੇਤੀਬਾੜੀ ਕਾਨੂੰਨ ਬਾਰੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਹਲਫੀਆ ਬਿਆਨ ਦੇਣ ਲਈ ਵੀ ਕਿਹਾ ਹੈ। ਜਿਸ ਵਿਚ ਕਿਸਾਨ ਅੰਦੋਲਨ ਵਿਚ ਪਾਬੰਦੀਸ਼ੁਦਾ ਸੰਗਠਨਾਂ ਵਿਚ ਸ਼ਾਮਲ ਹੋਣ ਜਾਂ ਸਮਰਥਨ ਬਾਰੇ ਅਧਿਕਾਰਤ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।
ਪਿਛਲੇ ਪੰਜਾਹ ਦਿਨਾਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਅਜੇ ਤੱਕ ਖੇਤੀਬਾੜੀ ਕਾਨੂੰਨ ‘ਤੇ ਕੋਈ ਗੱਲਬਾਤ ਨਹੀਂ ਹੋਈ। ਬੁੱਧਵਾਰ ਨੂੰ ਕਿਸਾਨ ਜੱਥੇਬੰਦੀਆਂ ਲੋਹੜੀ ਦੇ ਮੌਕੇ ‘ਤੇ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ ਸਾੜਨਗੀਆਂ, ਨਾਲ ਹੀ 26 ਜਨਵਰੀ ਨੂੰ ਇਕ ਟਰੈਕਟਰ ਰੈਲੀ ਕੱਢੀ ਜਾਵੇਗੀ। ਸੁਪਰੀਮ ਕੋਰਟ ਨੇ ਖੇਤੀਬਾੜੀ ਕਾਨੂੰਨ ‘ਤੇ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ‘ਚ ਚਾਰ ਮਾਹਰ ਸ਼ਾਮਲ ਹਨ। ਇਹ ਸਾਰੇ ਦੋ ਮਹੀਨਿਆਂ ਵਿੱਚ ਆਪਣੀ ਰਿਪੋਰਟ ਦੇਣਗੇ, ਜਿਸ ਤੋਂ ਬਾਅਦ ਅਦਾਲਤ ਆਪਣਾ ਫੈਸਲਾ ਅੱਗੇ ਸੁਣਾਏਗੀ।