ਅੰਦੋਲਨ ਸਾਲੋਬੱਧੀ ਚਲਾਉਣ ਲਈ ਤਿਆਰ ਨੇ ਕਿਸਾਨ, 600 ਸ਼ਹਾਦਤਾਂ ਮਗਰੋਂ ਵੀ ਸਰਕਾਰ ਕਿਉਂ ਨਹੀਂ ਹੋ ਰਹੀ ਟੱਸ ਤੋਂ ਮੱਸ

ਕਿਸਾਨ ਅੰਦੋਲਨ 322ਵੇ ਦਿਨ ਚ ਦਾਖਲ ਹੋ ਗਿਆ ਹੈ। ਇਹ ਇੱਕ ਮਹਾ ਅੰਦੋਲਨ ਬਣ ਚੁਕਾ ਹੈ। ਪੰਜਾਬ ਦੀਆਂ 32 ਜਥੇਬੰਦੀਆਂ ‘ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਹੈ।

ਅੱਜ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸਾਡਾ ਅੰਦੋਲਨ ਹਰ ਦਿਨ ਵਧੇਰੇ ਵਿਆਪਕ, ਸਥਿਰ ਤੇ ਮਜ਼ਬੂਤ ਹੋ ਰਿਹਾ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਕੇਂਦਰ ਸਰਕਾਰ ਦਬਾਅ ਹੇਠ ਆਈ ਹੋਈ ਹੈ ਤੇ ਸੱਤਾਧਾਰੀ ਪਾਰਟੀ ਦੇ ਵਰਕਰ, ‘ਕਿਸਾਨ ਮੰਗਾਂ ਦਾ ਕੋਈ ਹੱਲ ਕੱਢਣ’ ਲਈ ਆਪਣੇ ਪਾਰਟੀ ਨੇਤਾਵਾਂ ‘ਤੇ ਦਬਾਅ ਪਾ ਰਹੇ ਹਨ। ਉਧਰ ਅੰਦੋਲਨ ਦਾ ਘੇਰਾ ਦਿਨ-ਬਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸਾਨ ਹੁਣ ਦਿਨਾਂ/ਮਹੀਨਿਆਂ ਲਈ ਨਹੀਂ, ਸਗੋਂ ਸਾਲਾਂਬੱਧੀ ਅੰਦੋਲਨ ਚਲਾਉਣ ਲਈ ਮਾਨਸਿਕ ਤੌਰ ‘ਤੇ ਤਿਆਰ ਹਨ। ਉਹ ਕਿਸਾਨ ਅੰਦੋਲਨ ਦੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹਨ ਤੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਘਰਾਂ ਨੂੰ ਵਾਪਸ ਨਹੀਂ ਜਾਣਗੇ।


ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੰਦੋਲਨ ਦੇ ਸ਼ੁਰੂ ਹੋਣ ਬਾਅਦ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਅੰਦੋਲਨ ਦੇ ਦਬਾਅ ਹੇਠ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੇ ਦਿਸ਼ਾ-ਨਿਰਦੇਸ਼ ਤੈਅ ਕਰ ਰੱਖੇ ਹਨ ਪਰ ਇਸ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸਨ ਹਰ ਵਾਰ ਵਾਰਸਾਂ ਨੂੰ ਖਾਹ-ਮਖਾਹ ਖੱਜਲ-ਖੁਆਰ ਕਰਦਾ ਹੈ।

ਸ਼ਹੀਦ ਨਿਰਮਲ ਸਿੰਘ ਹਮੀਦੀ ਦੇ ਵਾਰਸਾਂ ਨੂੰ ਮੁਆਵਜ਼ੇ ਦਾ ਚੈਕ ਲੈਣ ਲਈ ਲਗਾਤਾਰ ਤਿੰਨ ਦਿਨ ਖੱਜਲ-ਖੁਆਰ ਹੋਣਾ ਪਿਆ। ਕੱਲ੍ਹ ਦੇਰ ਸ਼ਾਮ ਚੈੱਕ ਮਿਲਣ ਬਾਅਦ ਅੱਜ ਬੁੱਧਵਾਰ ਨੂੰ ਸ਼ਹੀਦ ਦਾ ਸਸਕਾਰ ਉਸ ਦੇ ਪਿੰਡ ਹਮੀਦੀ ਵਿਖੇ ਪੂਰੇ ਜਥੇਬੰਦਕ ਸਨਮਾਨਾਂ ਸਹਿਤ ਕੀਤਾ ਗਿਆ। ਕਿਸਾਨ ਆਗੂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਹੀਦਾਂ ਦੇ ਵਾਰਸਾਂ ਨੂੰ ਖੱਜਲ-ਖੁਆਰ ਕਰਨਾ ਬੰਦ ਕਰੇ। ਕੇਂਦਰ ਸਰਕਾਰ ਆਪਣੀ ਜਿਦ ਤੇ ਅੜੀ ਹੈ ਅਤੇ ਕਿਸਾਨ ਇਹਨਾਂ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਠਾਣ ਕੇ ਬੈਠੇ ਹਨ।

MUST READ