ਬੇਅਦਬੀ ਮਾਮਲੇ ‘ਚ ਬਾਕੀ ਰਹਿੰਦੇ ਦੋਨੋ ਡੇਰਾ ਪ੍ਰੇਮੀਆਂ ਨੂੰ ਫ਼ਰੀਦਕੋਟ ਅਦਾਲਤ ਵਲੋਂ ਮਿਲੀ ਜ਼ਮਾਨਤ
ਬੇਅਦਬੀ ਮਾਮਲੇ ਚ ਵੱਡਾ ਫੈਸਲਾ ਲੈਂਦੀਆਂ ਫ਼ਰੀਦਕੋਟ ਅਦਾਲਤ ਨੇ ਦੋ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਵਲੋਂ FIR ਨੰਬਰ 128 ‘ਚ ਛੇ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ‘ਚੋ ਦੋ ਡੇਰਾ ਪ੍ਰੇਮੀਆਂ ਪ੍ਰਦੀਪ ਸਿੰਘ ਅਤੇ ਨਿਸ਼ਾਨ ਸਿੰਘ ਦੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਪਰ ਹੇਠਲੀ ਅਦਾਲਤ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸੇ ਦੌਰਾਨ FIR 117/2105 ਜੋ ਕੇ ਭੱਦੀ ਸ਼ਬਦਾਵਲੀ ਵਾਲੇ ਹੱਥ ਲਿਖ਼ਤੀ ਪੋਸਟਰਾਂ ਨੂੰ ਲੈ ਕੇ ਦਰਜ ਕੀਤੀ ਗਈ ਸੀ, ਉਸ ਮਾਮਲੇ ‘ਚ ਵੀ ਇਨ੍ਹਾਂ ਮੁਲਜ਼ਮਾਂ ‘ਚੋਂ ਚਾਰ ਵਿਅਕਤੀ ਸ਼ਕਤੀ ਸਿੰਘ, ਰਣਜੀਤ ਸਿੰਘ ਭੋਲਾ, ਸੁਖਜਿੰਦਰ ਸਿੰਘ ਉਰਫ਼ ਸਨੀ ਕੰਡਾ ਅਤੇ ਬਲਜੀਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਸੀ। ਬਚਾਅ ਪੱਖ ਵੱਲੋਂ ਇਨ੍ਹਾਂ ਚਾਰਾਂ ਮੁਲਜ਼ਮਾਂ ਦੀ ਦੋਵਾਂ ਮਾਮਲਿਆਂ ‘ਚ ਜ਼ਮਾਨਤ ਅਰਜੀਆਂ ਦਾਇਰ ਕੀਤੀਆਂ ਗਈਆਂ ਸਨ ਜਿਨਾਂ ਨੂੰ JMIC ਅਦਾਲਤ ਵਲੋਂ ਮਨਜ਼ੂਰ ਕਰਦੇ ਹੋਏ ਇਨ੍ਹਾਂ ਚਾਰਾਂ ਦੋਸ਼ੀਆਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਬੇਅਦਬੀ ਮਾਮਲੇ ‘ਚ ਰਹਿੰਦੇ ਦੋ ਦੋਸ਼ੀ ਨਿਸ਼ਾਨ ਸਿੰਘ ਅਤੇ ਬਲਜੀਤ ਸਿੰਘ ਦੀਆਂ ਹੇਠਲੀ ਅਦਾਲਤ ‘ਚੋਂ ਜ਼ਮਾਨਤ ਅਰਜੀਆ ਰੱਦ ਹੋਣ ਤੋਂ ਬਾਅਦ ਫਿਰ ਤੋਂ JMIC ਅਦਾਲਤ ‘ਚ ਜ਼ਮਾਨਤ ਅਰਜੀ ਦਾਇਰ ਕੀਤੀ ਸੀ, ਜਿਸ ਨੂੰ ਅੱਜ ਮਨਜ਼ੂਰ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।ਇਸ ਤੋਂ ਬਾਅਦ ਹੁਣ ਸਾਰੇ ਦੋਸ਼ੀਆਂ ਦੀ ਜ਼ਮਾਨਤ ‘ਤੇ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ।