ਗ੍ਰੇਟਾ ਦੇ ਦਸਤਾਵੇਜ਼ ਸਾਂਝੇ ਕਰਨ ‘ਤੇ ਭੜਕੇ ਵਿਦੇਸ਼ ਮੰਤਰੀ ਜੈਸ਼ੰਕਰ, ‘ਟੂਲਕਿਟ’ ਨੇ ਕੀਤੇ ਕਈ ਖੁਲਾਸੇ
ਨੈਸ਼ਨਲ ਡੈਸਕ :- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟੂਲਕਿਟ ਵਿਵਾਦ ‘ਤੇ ਕਿਹਾ ਕਿ ਮੌਸਮ ਤਬਦੀਲੀ ਕਾਰਕੁਨ ਗ੍ਰੇਟਾ ਥੰਬਰਗ ਦਾ ਟਵੀਟ ਅਤੇ ‘ਟੂਲਕਿਟ’ ਤੋਂ ਜੋ ਸਾਹਮਣੇ ਆਇਆ ਹੈ ਉਹ ਬਹੁਤ ਚਿੰਤਾਜਨਕ ਹੈ। ਜੈਸ਼ੰਕਰ ਨੇ ਕਿਹਾ ਕਿ, ਟੂਲਕਿਟ ਨੇ ਬਹੁਤ ਕੁਝ ਸਾਹਮਣੇ ਲਿਆਇਆ ਹੈ ਅਤੇ ਭਵਿੱਖ ਵਿੱਚ ਸਾਨੂੰ ਇਹ ਵੇਖਣਾ ਹੋਵੇਗਾ ਕਿ, ਇਸ ਤੋਂ ਹੋਰ ਕਿਹੜੀਆਂ ਚੀਜ਼ਾਂ ਬਾਹਰ ਆਉਂਦੀਆਂ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ, ਕਿਸਾਨ ਅੰਦੋਲਨ ‘ਤੇ ਵਿਦੇਸ਼ੀ ਸ਼ਖਸੀਅਤਾਂ ਦਾ ਦਖਲ ਗੈਰ ਜ਼ਿੰਮੇਵਾਰਾਨਾ ਸੀ। ਜੈਸ਼ੰਕਰ ਨੇ ਕਿਹਾ ਕਿ, ਵਿਦੇਸ਼ੀ ਮਸ਼ਹੂਰ ਹਸਤੀਆਂ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸੀ ਉਹ ਇਸ ਮੁੱਦੇ ‘ਤੇ ਆਪਣੇ ਵਿਚਾਰ ਦੇ ਰਹੇ ਸਨ, ਇਸ ਲਈ ਵਿਦੇਸ਼ ਮੰਤਰਾਲੇ ਨੂੰ ਇਸ ‘ਤੇ ਟਿੱਪਣੀ ਕਰਨੀ ਪਈ।

ਦਿੱਲੀ ਪੁਲਿਸ ਨੇ ਸੋਸ਼ਲ ਮੀਡਿਆ ਤੋਂ ਮੰਗੀ ਜਾਣਕਾਰੀ
ਦਿੱਲੀ ਪੁਲਿਸ ਨੇ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਨੂੰ ‘ਟੂਲਕਿਟ’ ਬਣਾਉਣ ਵਾਲਿਆਂ ਦੇ ਸੰਬੰਧ ‘ਚ ਈਮੇਲ ਆਈਡੀ, ਡੋਮੇਨ ਯੂਆਰਐਲ ਅਤੇ ਕੁਝ ਸੋਸ਼ਲ ਮੀਡੀਆ ਅਕਾਉਂਟ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇੱਕ ‘ਟੂਲਕਿਟ’ ਨੂੰ ਟਵਿੱਟਰ ‘ਤੇ ਮੌਸਮੀ ਤਬਦੀਲੀ ਕਾਰਕੁਨ ਗ੍ਰੇਟਾ ਥੰਬਰਗ ਨੇ ਸਾਂਝਾ ਕੀਤਾ ਸੀ। ਦਿੱਲੀ ਪੁਲਿਸ ਦੇ “ਸਾਈਬਰ ਸੈੱਲ” ਨੇ “ਟੂਲਕਿਟ” ਬਣਾਉਣ ਵਾਲੇ “ਖਾਲਿਸਤਾਨ ਪੱਖੀ” ਨਿਰਮਾਤਾਵਾਂ ਖਿਲਾਫ “ਭਾਰਤ ਸਰਕਾਰ ਵਿਰੁੱਧ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਯੁੱਧ” ਲੜਨ ਦੇ ਟੀਚੇ ਨਾਲ ਐਫਆਈਆਰ ਦਰਜ ਕੀਤੀ ਸੀ।

ਪੁਲਿਸ ਦੇ ਅਨੁਸਾਰ, ‘ਟੂਲਕਿਟ’ ਵਿੱਚ ਇੱਕ ਧਾਰਾ ਹੈ ਜਿਸ ‘ਚ ਕਿਹਾ ਗਿਆ ਹੈ …. 26 ਜਨਵਰੀ ਤੋਂ ਪਹਿਲਾਂ ਹੈਸ਼ਟੈਗ ਦੇ ਜ਼ਰੀਏ ਡਿਜੀਟਲ ਹਮਲਾ, 23 ਜਨਵਰੀ ਤੋਂ ਬਾਅਦ ਟਵੀਟ ਦੇ ਜ਼ਰੀਏ ਜੋ ਤੂਫਾਨ ਖੜਾ ਹੋਇਆ, 26 ਜਨਵਰੀ ਨੂੰ ਫੇਸ-ਟੂ-ਐਕਸ਼ਨ ਜਾਂ ਦਿੱਲੀ ਅਤੇ ਸਰਹੱਦਾਂ ਪਾਰ ਕਿਸਾਨ ਮਾਰਚ ‘ਚ ਸ਼ਾਮਲ ਹੋਏ। ਪੁਲਿਸ ਨੇ ਕਿਹਾ ਕਿ, ਦਸਤਾਵੇਜ਼ ‘ਟੂਲਕਿਟ’ ਦਾ ਉਦੇਸ਼ ਭਾਰਤ ਸਰਕਾਰ ਪ੍ਰਤੀ ਵਿਘਨ ਅਤੇ ਗਲਤ ਧਾਰਨਾ ਫੈਲਾਉਣਾ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਸਮੂਹਾਂ ‘ਚ ਨਿਰਾਸ਼ਾ ਪੈਦਾ ਕਰਨਾ ਹੈ।

ਆਓ ਜਾਣਦੇ ਹਾਂ ਕਿ, ਨਵੰਬਰ ਤੋਂ ਹੀ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਵਿਦੇਸ਼ੀ ਮਸ਼ਹੂਰ ਹਸਤੀਆਂ ਇਸ ਬਾਰੇ ਹੁਣ ਜਾਗ ਪਈਆਂ ਹਨ, ਜਿਸ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਅਮਰੀਕਾ ਦੀ ਪੌਪ ਸਟਾਰ ਰਿਹਾਨਾ ਨੇ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ‘ਤੇ ਟਵੀਟ ਕੀਤਾ, ਜਿਸ ਤੋਂ ਬਾਅਦ ਗ੍ਰੇਟਾ ਨੇ ਇਸ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਹਾਲਾਂਕਿ, ਗ੍ਰੇਟਾ ਨੇ ਟਵਿੱਟਰ ‘ਤੇ ਦਸਤਾਵੇਜ਼ ਸਾਂਝੇ ਕੀਤੇ, ਜਿਸ ‘ਚ ਭਾਰਤ ਵਿਰੁੱਧ ਪ੍ਰੋਪੇਂਗੇਡਾ ਦੀ ਪੂਰੀ ਸੂਚੀ ਕਿਸ ਤਾਰੀਖ ਅਤੇ ਕਦੋਂ ਟਵੀਟ ਕਰਨ ਦੀ ਹੈ, ਸਪਸ਼ਟ ਤੌਰ ‘ਤੇ ਤਿਆਰ ਹੈ।