ਪੰਜਾਬ ’ਚ ਸਕੂਲ ਖੇਡਾਂ ਦੌਰਾਨ ਸਿੱਖ ਖਿਡਾਰੀ ਨੂੰ ਹੈਲਮਟ ਨਾ ਪਹਿਨਣ ਕਰਕੇ ਖੇਡਣ ਤੋਂ ਰੋਕਿਆ; SGPC ਨੇ ਕਿਹਾ : ਮੁੱਖ ਮੰਤਰੀ ਤੇ ਖੇਡ ਮੰਤਰੀ ਮੰਗਣ ਮੁਆਫੀ

ਚੰਡੀਗੜ੍ਹ/ਬਿਊਰੋ ਨਿਊਜ਼  : ਪੰਜਾਬ ’ਚ ਚੱਲ ਰਹੀਆਂ ਸਕੂਲ ਖੇਡਾਂ ਦੌਰਾਨ ਇਕ ਸਿੱਖ ਖਿਡਾਰੀ ਨੂੰ ਹੈਲਮਟ ਨਾ ਪਹਿਨਣ ਕਰਕੇ ਖੇਡਣ ਤੋਂ ਰੋਕ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਵਿਵਾਦ ਭਖ ਗਿਆ ਹੈ। ਸਿੱਖ ਖਿਡਾਰੀ ਨੇ ਸਕੇਟਿੰਗ ਵਿਚ ਭਾਗ ਲਿਆ ਸੀ ਅਤੇ ਇਸ ਦੌਰਾਨ ਉਸ ਖਿਡਾਰੀ ’ਤੇ ਹੈਲਮਟ ਪਹਿਨਣ ਲਈ ਦਬਾਅ ਪਾਇਆ ਗਿਆ। ਜਦੋਂ ਸਿੱਖ ਖਿਡਾਰੀ ਨੇ ਹੈਲਮਟ ਪਹਿਨਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਖੇਡਣ ਦੀ ਇਜ਼ਾਜਤ ਨਹੀਂ ਦਿੱਤੀ ਗਈ।

ਇਸਦੇ ਚੱਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ’ਤੇ ਇਤਰਾਜ਼ ਕੀਤਾ ਹੈ। ਇਹ ਸਕੇਟਿੰਗ ਦੀ ਪ੍ਰਤੀਯੋਗਤਾ ਪਟਿਆਲਾ ਦੇ ਇਕ ਸਰਕਾਰੀ ਸਕੂਲ ਵਿਚ ਚੱਲ ਰਹੀ ਸੀ। ਜਿੱਥੇ ਸਿੱਖ ਖਿਡਾਰੀ ਰਿਆਜ਼ਪ੍ਰਤਾਪ ਸਿੰਘ ਨੂੰ ਹੈਲਮਟ ਦੇ ਬਿਨਾ ਸਕੇਟਿੰਗ ਕਰਨ ਤੋਂ ਰੋਕ ਦਿੱਤਾ ਗਿਆ।

ਸਿੱਖ ਖਿਡਾਰੀ ਨਾਲ ਹੋਏ ਇਸ ਭੇਦਭਾਵ ਕਰਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।  

MUST READ