DSGMC ਚੋਣਾਂ 2021: ਸਰਨਾ ਦਾ ਦਾਅਵਾ, ਮਨਜਿੰਦਰ ਸਿੰਘ ਸਿਰਸਾ ਪੰਜਾਬੀ ਗਿਆਨ ਦੇ ਟੈਸਟ ਚੋ ਹੋਏ ਫੇਲ੍ਹ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪੰਜਾਬੀ ਗਿਆਨ ’ਤੇ ਸਵਾਲ ਚੁੱਕ ਕੇ ਅਦਾਲਤ ਪੁੱਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਹੁਣ ਉਨ੍ਹਾਂ ਦੇ ਪੰਜਾਬੀ ਗਿਆਨ ’ਚ ਫੇਲ੍ਹ ਹੋਣ ਦਾ ਦਾਅਵਾ ਕਰ ਕੇ ਇਸ ਮਾਮਲੇ ਨੂੰ ਗਰਮਾ ਦਿੱਤਾ ਹੈ। ਇਸ ਤੋਂ ਉਲਟ, ਸਿਰਸਾ ਦਾ ਕਹਿਣਾ ਹੈ ਕਿ ਉਹ ਇਸ ਟੈਸਟ ’ਚ ਪਾਸ ਹੋਏ ਹਨ। ਉਧਰ, ਇਸ ਬਾਰੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਕੁਝ ਵੀ ਕਹਿਣ ਤੋਂ ਇਕਾਰ ਕਰ ਦਿੱਤਾ। ਇਸ ਟੈਸਟ ਦੀ ਰਿਪੋਰਟ ਡਾਇਰੈਕਟੋਰੇਟ ਨੂੰ ਹੁਣ ਹਾਈ ਕੋਰਟ ਨੂੰ ਦੇਣੀ ਹੈ, ਰਿਪੋਰਟ ਦੇ ਆਧਾਰ ’ਤੇ ਹਾਈ ਕੋਰਟ ਫ਼ੈਸਲਾ ਕਰੇਗੀ। ਹਰਵਿੰਦਰ ਸਿੰਘ ਸਰਨਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਸਿਰਸਾ ਨੂੰ ਪੰਜਾਬੀ ਲਿਖਣ-ਪੜ੍ਹਨ ਲਈ ਬੁਲਾਇਆ ਸੀ ਪਰ ਉਹ ਪੰਜਾਬੀ ਪੜ੍ਹ ਨਹੀਂ ਸਕੇ ਤੇ ਲਿਖਣ ਤੋਂ ਵੀ ਇਨਕਾਰ ਕਰ ਦਿੱਤਾ। ਅਜਿਹੇ ’ਚ ਉਨ੍ਹਾਂ ਦੀ ਡੀਐੱਸਜੀਐੱਮਸੀ ਦੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਖ਼ਤਰੇ ਵਿਚ ਪੈ ਸਕਦੀ ਹੈ।

ਸਰਨਾ ਦਾ ਕਹਿਣਾ ਸੀ ਕਿ ਇਸ ਟੈਸਟ ਦੌਰਾਨ ਉਹ ਵੀ ਉੱਥੇ ਮੌਜੂਦ ਸਨ। ਦੂਜੇ ਪਾਸੇ, ਸਰਨਾ ਦੇ ਦਾਅਵਿਆਂ ਖਾਰਜ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ ਤੇ ਗੁਰਦੁਆਰਾ ਡਾਇਰੈਕਟੋਰੇਟ ’ਚ ਵੀ ਉਨ੍ਹਾਂ ਨੇ ਪੰਜਾਬੀ ਪੜ੍ਹ ਤੇ ਲਿਖ ਕੇ ਦਿਖਾ ਦਿੱਤੀ ਹੈ। ਵਿਰੋਧੀ ਪਾਰਟੀ ਦੇ ਆਗੂ ਮੇਰੇ ਪੰਜਾਬੀ ਗਿਆਨ ’ਤੇ ਫ਼ੈਸਲਾ ਲੈਣ ਵਾਲੇ ਕੌਣ ਹੁੰਦੀ ਹੈ। ਇਨ੍ਹਾਂ ਦਾ ਕੰਮ ਸਿਰਫ਼ ਭਰਮ ਫੈਲਾਉਣਾ ਹੈ। ਜ਼ਿਕਰਯੋਗ ਹੈ ਕਿ ਸਰਨਾ ਨੇ ਦਿੱਲੀ ਹਾਈ ਕੋਰਟ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵਲੋਂ ਸਿਰਸਾ ਨੂੰ ਨਾਮਜ਼ਦਕ ਕਰਨ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਗੁਰਮੁਖੀ ਦਾ ਗਿਆਨ ਨਹੀਂ ਹੈ।

ਕਮੇਟੀ ਦੇ ਮੈਂਬਰ ਲਈ ਇਹ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੀ ਸ਼ਿਕਾਇਤ ’ਤੇ ਹਾਈ ਕੋਰਟ ਨੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਸੀ। ਸਰਨਾ ਨੇ ਹੀ ਸਿਰਸਾ ਨੂੰ ਹਾਲ ਹੀ ’ਚ ਹੋਈ ਡੀਐੱਸਜੀਐੱਮਸੀ ਚੋਣ ’ਚ ਪੰਜਾਬੀ ਬਾਗ਼ ਸੀਟ ਤੋਂ ਹਰਾਇਆ ਹੈ। ਚੋਣ ਹਾਰਨ ਦੇ ਬਾਅਦ ਸਿਰਸਾ ਨੂੰ ਐੱਸਜੀਪੀਸੀ ਨੇ ਡੀਐੱਸਜੀਐੱਮਸੀ ’ਚ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ, ਜਿਸ ਤੋਂ ਬਾਅਦ ਪਿਛਲੇ ਦਰਵਾਜ਼ੇ ਤੋਂ ਉਨ੍ਹਾਂ ਦੇ ਪ੍ਰਧਾਨ ਬਣਨ ਦਾ ਰਸਤਾ ਖੁੱਲ੍ਹ ਗਿਆ ਸੀ।

ਨੌ ਸਤੰਬਰ ਨੂੰ ਨਾਮਜ਼ਦ ਮੈਂਬਰਾਂ ਦੀ ਚੋਣ ਪ੍ਰਕਿਰਿਆ ਲਈ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਡੀਐੱਸਜੀਐੱਮਸੀ ਦੇ ਨਵੇਂ ਚੁਣੇ ਮੈਂਬਰਾਂ ਦੀ ਬੈਠਕ ਬੁਲਾਈ ਸੀ। ਉਸ ਦਿਨ ਸਰਨਾ ਨੇ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ ਸੀ ਕਿ ਸਿਰਸਾ ਨੂੰ ਗੁਰਮੁਖੀ ਦਾ ਗਿਆਨ ਨਹੀਂ ਹੈ, ਇਸ ਲਈ ਉਹ ਕਮੇਟੀ ਦਾ ਮੈਂਬਰ ਨਹੀਂ ਬਣ ਸਕਦੇ। ਗੁਰਦੁਆਰਾ ਐਕਟ ’ਚ ਇਸ ਬਾਰੇ ਸਪਸ਼ਟ ਜ਼ਿਕਰ ਨਾ ਹੋਣ ਦੀ ਗੱਲ ਕਹਿ ਕੇ ਡਾਇਰੈਕਟੋਰੇਟ ਨੇ ਉਨ੍ਹਾਂ ਦੀ ਸ਼ਿਕਾਇਤ ਖ਼ਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਹਾਈ ਕੋਰਟ ਚਲੇ ਗਏ ਸਨ। ਡੀਐੱਸਜੀਐੱਮਸੀ ਚੋਣ ਲੜਨ ਲਈ ਉਮੀਦਵਾਰ ਨੂੰ ਪੰਜਾਬੀ ਦਾ ਗਿਆਨ ਹੋਣਾ ਲਾਜ਼ਮੀ ਹੈ। ਇਸ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦਲ (ਬਾਦਲ) ਦੇ ਇਕ ਉਮੀਦਵਾਰ ਦੀ ਨਾਮਜ਼ਦਗੀ ਪਿਛਲੇ ਦਿਨੀ ਰੱਦ ਹੋ ਗਈ ਸੀ। ਹੁਣ ਇਸ ਨੂੰ ਆਧਾਰ ਬਣਾ ਕੇ ਸਾਬਕਾ ਪ੍ਰਧਾਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

MUST READ