ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਕਿਹਾ : ਜੇ ਲੋੜ ਪਈ ਤਾਂ ਭਵਿੱਖ ’ਚ ਬਾਰਡਰ ਵੀ ਕਰਾਂਗੇ ਪਾਰ, ਆਮ ਜਨਤਾ ਵੀ ਜੰਗ ਲਈ ਰਹੇ ਤਿਆਰ

ਲੱਦਾਖ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੁੱਧਵਾਰ ਨੂੰ ਲੱਦਾਖ ’ਚ ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਵੱਲੋਂ ਵੀ ਕਾਰਗਿਲ ਵਾਰ ਮੈਮੋਰੀਅਲ ’ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਅਸੀਂ ਲਾਈਨ ਆਫ ਕੰਟਰੋਲ ਨੂੰ ਪਾਰ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਐਲਓਸੀ ਨੂੰ ਪਾਰ ਨਹੀਂ ਕਰ ਸਕਦੇ, ਅਸੀਂ ਐਲਓਸੀ ਨੂੰ ਪਾਰ ਕਰ ਸਕਦੇ ਸੀ ਪ੍ਰੰਤੂ ਜੇਕਰ ਭਵਿੱਖ ਵਿਚ ਜ਼ਰੂਰਤ ਪਈ ਤਾਂ ਅਸੀਂ ਐਲਓਸੀ ਜ਼ਰੂਰ ਪਾਰ ਕਰਾਂਗੇ।

ਭਾਰਤ ਸਰਕਾਰ ਆਪਣੇ ਰਾਸ਼ਟਰੀ ਹਿਤਾਂ ਦੀ ਸੁਰੱਖਿਆ ਲਈ ਕੋਈ ਸਮਝੌਤਾ ਨਹੀਂ ਕਰੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਹੋਣ ਵਾਲੇ ਯੁੱਧ ਲੰਬੇ ਖਿੱਚੇ ਜਾਂਦੇ ਹਨ ਅਤੇ ਇਸ ਦੇ ਲਈ ਆਮ ਜਨਤਾ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਸ਼ਹੀਦ ਫੌਜੀ ਜਵਾਨਾਂ ਨੂੰ ਸਨਮਾਨ ਦੇਣ ਲਈ 4 ਮਿਗ-29 ਏਅਰ ਕਰਾਫਟ ਨੇ ਫਲਾਈ ਪਾਸਟ ਕੀਤਾ ਕੀਤਾ ਅਤੇ 3 ਚੀਤਾ ਹੈਲੀਕਾਪਟਰਾਂ ਵੱਲੋਂ ਫੁੱਲ ਬਰਸਾਏ ਗਏ। ਅੱਜ ਕਾਰਗਿਲ ਯੁੱਧ ਵਿਜੇ ਦਿਵਸ ਨੂੰ 24 ਸਾਲ ਹੋ ਗਏ ਹਨ। ਧਿਆਨ ਰਹੇ ਕਿ 26 ਜੁਲਾਈ 1999 ਨੂੰ ਕਾਰਗਿਲ ’ਤੇ ਭਾਰਤੀ ਫੌਜ ਨੇ ਤਿਰੰਗਾ ਲਹਿਰਾਇਆ ਸੀ ਅਤੇ ਇਸ ਜੰਗ ਦੌਰਾਨ ਭਾਰਤੀ ਫੌਜ ਦੇ 527 ਜਵਾਨ ਸ਼ਹੀਦ ਹੋ ਗਏ ਸਨ।

MUST READ