ਜਲੰਧਰ ਦੇ ਡੀਸੀਪੀ ਡੋਗਰਾ ਨੂੰ ‘ਆਪ’ ਵਿਧਾਇਕ ਨਾਲ ਉਲਝਣਾ ਪਿਆ ਮਹਿੰਗਾ; ਪਹਿਲਾਂ ਸਮਝੌਤਾ ਅਤੇ ਫਿਰ ਕਰਵਾਇਆ ਤਬਾਦਲਾ

ਜਲੰਧਰ/ਬਿਊਰੋ ਨਿਊਜ਼ : ਜਲੰਧਰ ਸ਼ਹਿਰ ਵਿਚ ਕਰੀਬ 18 ਤੋਂ 20 ਘੰਟੇ ਤੱਕ ਚਲੇ ਹਾਈ ਪ੍ਰੋਫਾਈਲ ਪੰਗੇ ਤੋਂ ਬਾਅਦ ਸਾਰੀ ਗਾਜ ਡੀਸੀਪੀ ਨਰੇਸ਼ ਡੋਗਰਾ ਦੇ ਸਿਰ ’ਤੇ ਡਿੱਗ ਗਈ ਹੈ। ਉਨ੍ਹਾਂ ਨੂੰ ਡੀਸੀਪੀ ਲਾਅ ਐਂਡ ਆਰਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ। ਨਵੇਂ ਆਦੇਸ਼ ਦੇ ਮੁਤਾਬਕ ਡੀਸੀਪੀ ਨਰੇਸ਼ ਡੋਗਰਾ ਨੂੰ ਜਲੰਧਰ ਵਿਚ ਹੀ ਪੀਏਪੀ-2 ਵਿਚ ਲਗਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨਾਲ ਉਲਝਣ ਕਰਕੇ ਡੀਸੀਪੀ ਨੂੰ ਦੋਹਰੀ ਸਜ਼ਾ ਭੁਗਤਣੀ ਪਈ ਹੈ।

ਬੇਸ਼ੱਕ ਡੀਸੀਪੀ ਨੇ ਵੀ ਵਿਧਾਇਕ ਨਾਲ ਬਦਸਲੂਕੀ ਕੀਤੀ, ਪਰ ਉਸ ਤੋਂ ਬਾਅਦ ਡੀਸੀਪੀ ਨੂੰ ਵੀ ਜ਼ਲੀਲ ਕੀਤਾ ਗਿਆ। ਇਸ ਸਾਰੇ ਰੌਲੇ ਤੋਂ ਬਾਅਦ ਸਮਝੌਤਾ ਕਰ ਲਿਆ ਗਿਆ, ਪਰ ਸਮਝੌਤਾ ਹੁੰਦੇ ਹੀ ਉਨ੍ਹਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ। ਇਸੇ ਦੌਰਾਨ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਅਤੇ ਡੀਸੀਪੀ ਵਿਚਾਲੇ ਜੋ ਝਗੜਾ ਹੋਇਆ ਸੀ, ਉਸ ਨੂੰ ਪਿਆਰ ਨਾਲ ਸੁਲਝਾ ਲਿਆ ਗਿਆ ਹੈ। ਡੀਸੀਪੀ ਡੋਗਰਾ ਦੇ ਤਬਾਦਲੇ ਸਬੰਧੀ ਅਰੋੜਾ ਨੇ ਕਿਹਾ ਕਿ ਇਸ ਵਿਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਹ ਡਿਪਾਰਟਮੈਂਟ ਦਾ ਕੰਮ ਹੈ। 

MUST READ