ਮਹਾਰਾਸ਼ਟਰ ਸਰਕਾਰ ’ਤੇ ਸੰਕਟ : ਸ਼ਿਵ ਸੈਨਾ ਦੇ 3 ਹੋਰ ਵਿਧਾਇਕ ਸ਼ਿੰਦੇ ਦੇ ਹੱਕ ’ਚ ਗੁਹਾਟੀ ਲਈ ਰਵਾਨਾ

ਗੋਹਾਟੀ ਹੋਟਲ ਦੇ ਬਾਹਰ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਨੇ ਕੀਤਾ ਪ੍ਰਦਰਸ਼ਨ

ਮੁੰਬਈ/ਬਿਊਰ ਨਿਊਜ਼ : ਮਹਾਰਾਸ਼ਟਰ ਦੀ ਸੱਤਾ ’ਚ ਆਇਆ ਸਿਆਸੀ ਭੂਚਾਲ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਅੱਜ ਸ਼ਿਵ ਸੈਨਾ ਦੇ ਤਿੰਨ ਹੋਰ ਵਿਧਾਇਕ ਕੈਬਨਿਟ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਕੈਂਪ ਵਿਚ ਸ਼ਾਮਲ ਹੋਣ ਲਈ ਗੁਹਾਟੀ ਲਈ ਰਵਾਨਾ ਹੋ ਗਏ। ਏਕਨਾਥ ਸ਼ਿੰਦੇ ਦੇ ਕਰੀਬੀ ਨੇ ਦੱਸਿਆ ਕਿ ਸਾਵੰਤਵਾੜੀ ਦੇ ਵਿਧਾਇਕ ਦੀਪਕ ਕੇਸਕਰ, ਚੈਂਬੂਰ ਦੇ ਵਿਧਾਇਕ ਮੰਗੇਸ਼ ਕੁਡਲਕਰ ਅਤੇ ਦਾਦਰ ਦੇ ਵਿਧਾਇਕ ਸਦਾ ਸਰਵੰਕਰ ਸਵੇਰੇ ਮੁੰਬਈ ਤੋਂ ਗੁਹਾਟੀ ਲਈ ਰਵਾਨਾ ਹੋਏ। ਮਹਾਰਾਸ਼ਟਰ ਦੇ ਮੰਤਰੀ ਗੁਲਾਬਰਾਓ ਪਾਟਿਲ ਸਮੇਤ ਚਾਰ ਵਿਧਾਇਕ ਬੁੱਧਵਾਰ ਸ਼ਾਮ ਨੂੰ ਗੁਹਾਟੀ ਲਈ ਰਵਾਨਾ ਹੋਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਕਨਾਥ ਸ਼ਿੰਦੇ ਆਪਣੇ ਨਾਲ ਮੌਜੂਦ ਵਿਧਾਇਕਾਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਫਿਰ ਫੈਸਲਾ ਕਰਨਗੇ ਕਿ ਮੁੰਬਈ ਕਦੋਂ ਵਾਪਸ ਜਾਣਾ ਹੈ।

ਉਧਰ ਜਿਸ ਹੋਟਲ ਵਿਚ ਏਕਨਾਥ ਸ਼ਿੰਦੇ ਆਪਣੇ ਸਮਰਥਕ ਵਿਧਾਇਕਾਂ ਨਾਲ ਠਹਿਰੇ ਹੋਏ ਹਨ ਉਸ ਹੋਟਲ ਦੇ ਬਾਹਰ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਟੀਐਮਸੀ ਵਰਕਰਾਂ ਦਾ ਕਹਿਣਾ ਹੈ ਕਿ ਇਥੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ, ਇਸ ਨੂੰ ਰੋਕਿਆ ਜਾਵੇ ਅਤੇ ਪੁਲਿਸ ਇਨ੍ਹਾਂ ਆਗੂਆਂ ਨੂੰ ਗਿ੍ਰਫ਼ਤਾਰ ਕਰੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਗੀ ਵਿਧਾਇਕਾਂ ਦੇ ਹਸਤਾਖਰਾਂ ਵਾਲਾ ਇਕ ਪੱਤਰ ਰਾਜਪਾਲ ਨੂੰ ਭੇਜਿਆ ਜਾਵੇਗਾ। 

MUST READ