26 ਹਿੰਸਾ ਦੇ ਦੋਸ਼ੀ Deep Sidhu ਦੀ ਜਮਾਨਤ ਪਟੀਸ਼ਨ ‘ਤੇ ਕੋਰਟ ਨੇ ਮੰਗਿਆ ਦਿੱਲੀ ਪੁਲਿਸ ਤੋਂ ਜੁਆਬ
ਨੈਸ਼ਨਲ ਡੈਸਕ:- ਗਣਤੰਤਰ ਦਿਵਸ ਹਿੰਸਾ ਦੇ ਦੋਸ਼ੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੁਆਰਾ ਦਾਇਰ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ। ਗਣਤੰਤਰ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਨੇੜੇ ਕਥਿਤ ਤੌਰ ‘ਤੇ ਹਿੰਸਾ ਭੜਕਾਉਣ ਦੇ ਦੋਸ਼ੀ ਦੀਪ ਸਿੱਧੂ ਨੇ ਮੰਗਲਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਵਧੀਕ ਸੈਸ਼ਨ ਜੱਜ ਦੀਪਕ ਡੱਬਾਸ ਨੇ ਇਹ ਕੇਸ ਜ਼ਿਲ੍ਹਾ ਅਤੇ ਸੈਸ਼ਨ ਜੱਜ (ਹੈਡਕੁਆਟਰ) ਨੂੰ ਵਾਪਸ ਤਬਦੀਲ ਕਰ ਦਿੱਤਾ ਕਿ, ਉਹ ਕੇਸ ਦੀ ਸੁਣਵਾਈ ਕਰਨਗੇ। ਅਦਾਲਤ ਨੇ ਨੋਟ ਕੀਤਾ ਕਿ, ਸਾਰੇ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਕਿਸੇ ਹੋਰ ਜੱਜ ਨੇ ਕੀਤੀ ਸੀ।

ਇਸ ਵਿਚਾਲੇ, ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਜਾਂਚ ਅਧਿਕਾਰੀ ਨੇ ਅਦਾਲਤ ‘ਚ ਦੱਸਿਆ ਕਿ, ਵਧੀਕ ਸੈਸ਼ਨ ਜੱਜ ਚਾਰੂ ਅਗਰਵਾਲ ਨੇ ਸੱਤ ਸਹਿ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ, ਅਦਾਲਤ ਨੇ ਦਿੱਲੀ ਪੁਲਿਸ ਨੂੰ ਵੀ ਸਿੱਧੂ ਦੁਆਰਾ ਜ਼ਮਾਨਤ ਪਟੀਸ਼ਨ ਦਾ ਛੇਤੀ ਤੋਂ ਛੇਤੀ ਜੁਆਬ ਦੇਣ ਨੂੰ ਕਿਹਾ। ਦੀਪ ਸਿੱਧੂ ਲਈ ਪੇਸ਼ ਹੋਏ ਵਕੀਲ ਅਭਿਸ਼ੇਕ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ, ਮੀਡੀਆ ਟਰਾਇਲ ਚੱਲ ਰਿਹਾ ਹੈ। ਦੀਪ ਸਿੱਧੂ ਗਲਤ ਸਮੇਂ ‘ਤੇ ਗਲਤ ਜਗ੍ਹਾ ‘ਤੇ ਸੀ। ਉਨ੍ਹਾਂ ਇਹ ਵੀ ਕਿਹਾ ਕਿ, ਏਐਸਜੇ ਚਾਰੂ ਅਗਰਵਾਲ ਦੁਆਰਾ ਸਹਿ-ਮੁਲਜ਼ਮ ਨੂੰ ਜ਼ਮਾਨਤ ਦੇਣ ਦੇ ਨਾਲ ਨਾਲ, ਹੋਰ ਆਦੇਸ਼ ਵੀ ਦਿੱਤੇ ਗਏ ਹਨ ਜੋ ਸਾਬਤ ਕਰਨਗੇ ਕਿ, ਪੂਰੇ ਮਾਮਲੇ ਵਿੱਚ ਸਿੱਧੂ ਦੀ ਭੂਮਿਕਾ “ਘੱਟ” ਸੀ।

9 ਫਰਵਰੀ ਨੂੰ, ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਗਣਤੰਤਰ ਦਿਵਸ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦਿੱਲੀ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ। ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਦਾਇਰ ਕੀਤੀ ਗਈ ਐਫਆਈਆਰ ‘ਚ ਦੀਪ ਸਿੱਧੂ ਅਤੇ ਹੋਰਾਂ ਦੇ ਨਾਮ ਸ਼ਾਮਲ ਹਨ, ਜਿਸ ‘ਚ ਦਿੱਲੀ ਪੁਲਿਸ ਨੇ ਪਹਿਲਾਂ ਦੱਸਿਆ ਕਿ, ਸਿੱਧੂ ਇਸ ਘਟਨਾ ‘ਚ ਸ਼ਾਮਲ ਸੀ। ਦਿੱਲੀ ਪੁਲਿਸ ਨੇ ਕਿਹਾ ਕਿ, 26 ਜਨਵਰੀ ਨੂੰ ਕੁਝ ਲੋਕਾਂ ਨੇ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਾਇਆ ਸੀ। ਉਨ੍ਹਾਂ ‘ਚ ਕੁਝ ਦੀ ਪਛਾਣ ਕੀਤੀ ਗਈ ਹੈ, ਜਿਸ ‘ਚ ਦੀਪ ਸਿੱਧੂ ਮੁਖ ਦੋਸ਼ੀ ਸੀ।

ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ‘ਤੇ ਪਹਿਲਾਂ ਤੋਂ ਨਿਰਧਾਰਤ ਕੀਤੇ ਰਸਤੇ ਦੀ ਪਾਲਣਾ ਨਹੀਂ ਕੀਤੀ ਸੀ ਅਤੇ ਦਿੱਲੀ ‘ਚ ਦਾਖਲ ਹੋਣ ਲਈ ਬੈਰੀਕੇਡ ਭੰਨੇ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਹਮਲਾ ਕਰਨ ਦੇ ਨਾਲ ਰਾਜਧਾਨੀ ਦੇ ਕਈ ਹਿੱਸੇ ਤੋੜ ਦਿੱਤੇ। ਇਸ ਤੋਂ ਬਾਅਦ, ਉਹ ਲਾਲ ਕਿਲ੍ਹੇ ਵਿਚ ਵੀ ਦਾਖਲ ਹੋਏ।