ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਵਾਦਿਤ ਬਿਆਨ, ਬੰਦੀ ਸਿੰਘਾਂ ਨੂੰ ਦੱਸਿਆ ਬੇਕਸੂਰਾਂ ਦਾ ਕਾਤਲ

ਚੰਡੀਗੜ੍ਹ: ਭਾਜਪਾ ਆਗੂ ਹਰਜੀਤ ਗਰੇਵਾਲ ਦੀ ਕਿਸਾਨੀ ਅੰਦੋਲਨ ਦੌਰਾਨ ਤਿੱਖੀ ਸ਼ਬਦਾਵਲੀ ਸਾਹਮਣੇ ਆਈ ਸੀ ਜਿਸ ਕਰਕੇ ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਕਾਫ਼ੀ ਵਾਰ ਸਾਹਮਣਾ ਕਰਨਾ ਪਿਆ ਸੀ।ਕਿਸਾਨੀ ਅੰਦੋਲਨ ਲਈ ਹਰਜੀਤ ਗਰੇਵਾਲ ਨੇ ਕਈ ਇਤਰਾਜ਼ਯੋਗ ਸ਼ਬਦ ਵਰਤੇ ਸਨ, ਪਰ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਲੱਗੇ ਮੋਰਚੇ ਨੂੰ ਹਰਜੀਤ ਗਰੇਵਾਲ ਨੇ ਗਲਤ ਦੱਸਦਿਆਂ ਸਰਕਾਰ ਨੂੰ ਦਬਿਸ਼ ਦੇਕੇ ਇਸ ਮੋਰਚੇ ਨੂੰ ਬੰਦ ਕਰਵਾਉਣ ਦੀ ਗੱਲ ਆਖੀ ਹੈ। ਹਰਜੀਤ ਗਰੇਵਾਲ ਨੇ ਬੰਦੀ ਸਿੰਘਾਂ ਨੂੰ ਬੇਕਸੂਰਾਂ ਦਾ ਕਾਤਲ ਦੱਸਿਆ, ਉਨ੍ਹਾਂ ਕਿਹਾ ਕਿ ਜਿਹੜੇ ਵੀ ਸਿੰਘ ਅੰਦਰ ਹਨ ਉਹ ਕਾਤਲ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਲੈਕੇ ਆਮ ਬੇਕਸੂਰ ਹਿੰਦੂੂਆਂ ਦੇ ਕਤਲ ਕੀਤੇ ਹਨ ਅਤੇ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਨ।

ਉਨ੍ਹਾਂ ਕਿਹਾ ਅਜਿਹੇ ਮੋਰਚੇ ਲਗਾਉਣ ਵਾਲਿਆਂ ਨੂੰ ਢਿੱਲ ਨਹੀਂ ਦੇਣੀ ਚਾਹੀਦੀ ਅਤੇ ਪੰਜਾਬ ਸਰਕਾਰ ਨੂੰ ਇਸ ਮੋਰਚੇ ਉੱਤੇ ਐਕਸ਼ਨ ਕਰਨਾ ਚਾਹੀਦਾ ਹੈ। ਨਾਲ ਹੀ ਗਰੇਵਾਲ ਨੇ ਕਿਹਾ ਕਿ ਜੇਕਰ ਜੇਲ੍ਹਾਂ ਅੰਦਰ ਬੰਦ ਸਿੰਘ ਰਿਹਾਅ ਕੀਤੇ ਜਾਂਦੇ ਹਨ ਤਾਂ ਦੇਸ਼ ਦਾ ਮਾਹੌਲ ਵਿਗੜ ਸਕਦਾ ਹੈ। ਚੰਡੀਗੜ੍ਹ ਮੁਹਾਲੀ ਬਾਰਡਰ ਉੱਤੇ ਕੌਮੀ ਇਨਸਾਫ਼ ਮੋਰਚਾ ਵੱਲੋਂ 7 ਜਨਵਰੀ ਤੋਂ ਪੱਕਾ ਮੋਰਚਾ ਲਗਾਇਆ ਗਿਆ ਹੈ। ਜਿਸਦੀਆਂ ਮੁੱਖ ਮੰਗਾਂ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇ, ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਮਿਲੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਮੁਹਾਲੀ ਦੇ ਵਾਈਪੀਐਸ ਚੌਂਕ ਉੱਤੇ ਇਹ ਪੱਕਾ ਧਰਨਾ ਲਗਾਇਆ ਗਿਆ ਹੈ।

MUST READ