ਸੰਵਿਧਾਨ ਨਿਰਮਾਤਾਵਾਂ ਦਾ ਦਿ੍ਸ਼ਟੀਕੋਣ ਗਣਤੰਤਰ ਲਈ ਮਾਰਗਦਰਸ਼ਕ : ਰਾਸ਼ਟਰਪਤੀ ਦਰੋਪਦੀ ਮੁਰਮੂ

ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ’ਤੇ ਰਾਸ਼ਟਰਪਤੀ ਵੱਲੋਂ ਦੇਸ਼ ਦੇ ਨਾਮ ਸੁਨੇਹਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਨੂੰ ਨੈਤਿਕਤਾ ਦਾ ਸੁਨੇਹਾ ਦਿੱਤਾ ਹੈ ਜਿਸਦੇ ਮਾਰਗ ’ਤੇ ਚੱਲਣ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਬ ਸੰਧਿਆ ’ਤੇ ਕੌਮ ਦੇ ਨਾਮ ਆਪਣੇ ਪਲੇਠੇ ਸੰਦੇਸ਼ ’ਚ ਕਿਹਾ ਕਿ ਸੰਵਿਧਾਨ ਦੁਨੀਆ ਦੀ ਪੁਰਾਣੀ ਸੱਭਿਅਤਾ ਦੇ ਮਾਨਵੀ ਦਰਸ਼ਨ ਅਤੇ ਨਵੇਂ ਵਿਚਾਰਾਂ ਤੋਂ ਪ੍ਰੇਰਿਤ ਹੈ।

ਸ੍ਰੀਮਤੀ ਮੁਰਮੂ ਨੇ ਕਿਹਾ, ‘‘ਰਾਸ਼ਟਰ ਡਾਕਟਰ ਬੀ ਆਰ ਅੰਬੇਡਕਰ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਸੀ ਅਤੇ ਸੰਵਿਧਾਨ ਨੂੰ ਅੰਤਿਮ ਰੂਪ ਦੇਣ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਸਾਨੂੰ ਸੰਵਿਧਾਨ ਤਿਆਰ ਕਰਨ ’ਚ ਸਹਾਇਤਾ ਕਰਨ ਵਾਲੇ ਹੋਰ ਮਾਹਿਰਾਂ ਅਤੇ ਅਧਿਕਾਰੀਆਂ ਨੂੰ ਵੀ ਯਾਦ ਰੱਖਣਾ ਕਰਨਾ ਚਾਹੀਦਾ ਹੈ।’’ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਇਸ ਗੱਲ ’ਤੇ ਮਾਣ ਹੈ ਕਿ ਉਸ ਅਸੈਂਬਲੀ ਦੇ ਮੈਂਬਰਾਂ ’ਚ ਸਾਰੇ ਖਿੱਤਿਆਂ ਅਤੇ ਭਾਈਚਾਰਿਆਂ ਦੇ ਨੁਮਾਇੰਦੇ ਸਨ ਅਤੇ ਉਨ੍ਹਾਂ ’ਚ 15 ਮਹਿਲਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ। ਉਨ੍ਹਾਂ ਦਾ ਨਜ਼ਰੀਆ ਸੰਵਿਧਾਨ ’ਚ ਝਲਕਦਾ ਹੈ ਜੋ ਸਾਡੇ ਗਣਤੰਤਰ ਦਾ ਲਗਾਤਾਰ ਮਾਰਗ ਦਰਸ਼ਨ ਕਰ ਰਿਹਾ ਹੈ।

ਇਸ ਸਮੇਂ ਦੌਰਾਨ ਭਾਰਤ ਗਰੀਬ ਅਤੇ ਅਨਪੜ੍ਹ ਮੁਲਕ ਤੋਂ ਭਰੋਸੇਮੰਦ ਮੁਲਕ ’ਚ ਬਦਲ ਗਿਆ ਜੋ ਹੁਣ ਆਲਮੀ ਪੱਧਰ ’ਤੇ ਅਗਾਂਹ ਵਧ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਬਦਲਾਅ ਸੰਵਿਧਾਨ ਨਿਰਮਾਤਾਵਾਂ ਦੇ ਗਿਆਨ ਬਿਨਾਂ ਸੰਭਵ ਨਹੀਂ ਸੀ ਜਿਨ੍ਹਾਂ ਸਾਡੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰਾਂ ਦੀਆਂ ਆਸਾਂ ’ਤੇ ਖਰਾ ਉਤਰਿਆ ਹੈ ਪਰ ਫਿਰ ਵੀ ਸਾਨੂੰ ਅਜੇ ਬਹੁਤਾ ਕੁਝ ਕਰਨ ਦੀ ਲੋੜ ਹੈ।

MUST READ