ਮਾਨਸਾ ਵਿਧਾਨਸਭਾ ਹਲਕੇ ਤੋ ਕਾਂਗਰਸ ਦਾ ਟਰੰਪ ਕਾਰਡ ਉਮੀਦਵਾਰ ਪੈ ਸਕਦਾ ਹੈ ਸਭ ਤੇ ਭਾਰੀ, ਸਸਪੈਂਸ ਬਰਕਰਾਰ

2022 ਚੋਣਾਂ ਨੇੜੇ ਆ ਰਹੀਆਂ ਹਨ । ਵਿਧਾਨ ਸਭਾ ਹਲਕਾ ਮਾਨਸਾ ਲਈ ਬੇਸ਼ੱਕ ਹਲੇ ਚੋਣ ਮੈਦਾਨ ਨਹੀਂ ਭਖਿਆ ਪਰ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ-ਆਪਣੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਨਸਾ ਵਿਧਾਨ ਸਭਾ ਹਲਕਾ ਇਸ ਵਾਰ ਇੱਕ ਹਾਟ ਸੀਟ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਐਲਾਨ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਹੀ ਉਮੀਦਵਾਰ ਬਣਾਏਗੀ। ਪਰ ਸੱਤਾਧਾਰੀ ਕਾਂਗਰਸ ਪਾਰਟੀ ਦੀ ਸੂਚਨਾ ‘ਤੇ ਸਾਰਿਆਂ ਦੀ ਨਜ਼ਰ ਹੈ ਕਿ ਪਾਰਟੀ ਵੱਲੋਂ ਕਿਸ ਨੂੰ ਮਾਨਸਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾਵੇਗਾ। ਕਾਂਗਰਸ ਪਾਰਟੀ ਲਈ ਉਮੀਦਵਾਰਾਂ ਦੀ ਸੂਚੀ ਲੰਬੀ ਹੈ। ਜਿਸ ਵਿੱਚ ਮੌਜੂਦਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਪਾਰਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝਲਬੂਟੀ, ਸਾਬਕਾ ਸਵ. ਮੰਤਰੀ ਸ਼ੇਰੇ ਸਿੰਘ ਗਾਗੋਵਾਲ ਦੀ ਨੂੰਹ ਗੁਰਪ੍ਰੀਤ ਕੌਰ ਗਾਗੋਵਾਲ, ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਮਨੋਜ ਬਾਲਾ ਬਾਂਸਲ ਜ਼ਿਲ੍ਹਾ ਪ੍ਰਧਾਨ, ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ ਬੀਰੋਕੇ ਆਦਿ ਦੌੜ ਵਿੱਚ ਹਨ।


ਇਸ ਵਾਰ ਚਰਚਾ ਇਹ ਹੈ ਕਿ ਕਾਂਗਰਸ ਪਾਰਟੀ ਇਸ ਕਾਂਗਰਸੀ ਸੀਟ ‘ਤੇ ਵੱਡੇ ਚਿਹਰੇ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਰਚੰਦ ਯੁਵਰਾਜ ਰਣਇੰਦਰ ਸਿੰਘ ਟਿੰਕੂ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਨੌਜਵਾਨ ਚਰਚਿਤ ਗਾਇਕ ਸਿੱਧੂ ਮੂਸੇ ਵਾਲਾ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਜੇਕਰ ਇਨ੍ਹਾਂ ਚਿਹਰਿਆਂ ਵਿੱਚੋਂ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਬਣਾਉਂਦੀ ਹੈ ਤਾਂ ਮਾਨਸਾ ਹਲਕਾ ਹਾਟ ਸੀਟ ਦੇ ਨਾਲ-ਨਾਲ ਪੰਜਾਬ ਦੀਆਂ ਸਰਗਰਮ ਸੀਟਾਂ ਵਿੱਚੋਂ ਇੱਕ ਹੋਵੇਗਾ।


ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਹੋਵੇਗੀ। ਅਜਿਹੇ ਹਾਲਾਤ ਵਿੱਚ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਵੀ ਗੰਭੀਰਤਾ ਨਾਲ ਸੋਚਣਾ ਪਵੇਗਾ। ਇਸ ਤੋਂ ਇਲਾਵਾ ਹਲਕਾ ਬੁਢਲਾਡਾ ਤੇ ਮੌਜੂਦਾ ਹਲਕਾ ਸੇਵਾਦਾਰ ਰਣਜੀਤ ਕੌਰ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਸੱਤਪਾਲ ਮੂਲੇਵਾਲਾ, ਸਰਪੰਚ ਸੂਬੇਦਾਰ ਭੋਲਾ ਸਿੰਘ ਹਸਨਪੁਰ ਵੀ ਦੋੜ ਵਿੱਚ ਹਨ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖਿਰ ਕਾਂਗਰਸ ਕਦੋ ਇਹ ਸਸਪੈਂਸ ਖ਼ਤਮ ਕਰਦੀ ਹੈ।

MUST READ