ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਐਲਾਨ 6 ਮਹੀਨੇ ‘ਚ ਪੂਰੇ ਹੋਣਗੇ ਸਾਰੇ ਕੰਮ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਸਹੁੰ ਚੁੱਕਣ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਸੰਕੇਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਲਈ ਸਿਰ ਲਵਾ ਦਿਆਂਗਾ, ਇਹ ਕਾਂਗਰਸ ਸਰਕਾਰ ਕਿਸਾਨਾਂ ਲਈ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਕੋਈ ਆਂਚ ਨਹੀਂ ਆਉਣ ਦਿਆਂਗਾ। ਸਰਕਾਰ ਕਿਸਾਨਾਂ ਦੇ ਸੰਘਰਸ਼ ਨਾਲ ਖੜ੍ਹੀ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਮਜ਼ੋਰ ਨਹੀਂ ਹੋਣ ਦਿਆਂਗੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ। ਦੱਸ ਦਈਏ ਕਿ ਕੈਪਟਨ ਨੇ ਵੀ ਐਤਵਾਰ ਨੂੰ ਵਧਾਈ ਦਿੰਦਿਆਂ ਚੰਨੀ ਨੂੰ ਕਿਹਾ ਸੀ ਕਿ ਕਿਸਾਨਾਂ ਦਾ ਸਾਥ ਦਿੰਦੇ ਰਹਿਣ। ਇਸ ਲਈ ਚੰਨੀ ਨੇ ਸਪਸ਼ਟ ਕਰ ਦਿੱਤਾ ਕਿ ਕਿਸਾਨਾਂ ਦੀ ਹਮਾਇਤ ਜਾਰੀ ਰਹੇਗੀ। ਪਹਿਲੇ ਦਿਨ ਹੀ ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕੀਤਾ ਹੈ। ਚੰਨੀ ਨੇ ਕਿਸਾਨਾਂ ਦੇ ਖੇਤਾਂ ਦੀ ਬਿਜਲੀ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿੰਡਾਂ ਦੇ ਗਰੀਬਾਂ ਦੇ ਪਾਣੀ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਗਰੀਬ ਦਾ ਬਿਜਲੀ ਬਿੱਲ ਬਕਾਇਆ ਹੈ, ਉਸ ਦਾ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਦੇ ਐਲਾਨਾਂ ਬਾਰੇ ਕਿਹਾ ਕਿ ਇਨ੍ਹਾਂ ਬਾਰੇ ਕੈਬਨਿਟ ਵਿੱਚ ਫੈਸਲਾ ਲਿਆ ਜਾਏਗਾ। ਇੱਕ ਹੋਰ ਵੱਡੀ ਗਲ ਜੋ ਚੰਨੀ ਨੇ ਕਹੀ, ਉਹ ਹੈ ਕਿ ਮੈਨੂੰ ਉਹੀ ਲੋਕ ਆ ਕੇ ਮਿਲਣ ਜੋ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ। ਰੇਤ ਮਾਫੀਆ ਜਾਂ ਦੂਜੇ ਮਾਫੀਆ ਵਾਲੇ ਮੈਨੂੰ ਆ ਕੇ ਨਾ ਮਿਲਣ। ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਨੇ ਬਹੁਤ ਕੰਮ ਚੰਗੇ ਕੀਤੇ ਹਨ। ਉਨ੍ਹਾਂ ਨੂੰ ਪਾਣੀਆਂ ਦਾ ਰਾਖਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਨੇ 18 ਮੁੱਦੇ ਦਿੱਤੇ ਹਨ ਇੱਕ-ਇੱਕ ਕਰਕੇ ਸਾਰੇ ਪੂਰੇ ਹੋਣਗੇ। ਬਰਗਾੜੀ ਕਾਂਡ ਦਾ ਮਾਮਲਾ ਵੀ ਜਲਦ ਹੱਲ ਕੀਤਾ ਜਾਏਗਾ। ਚੰਨੀ ਨੇ ਕਰਮਚਾਰੀਆਂ ਨੂੰ ਹੜਤਾਲਾਂ ਖਤਮ ਕਰਨ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਸਮਾਂ ਮੰਗਿਆ ਹੈ। ਚੰਨੀ ਨੇ ਕਿਹਾ ਕਿ ਮੇਰਾ ਬਿਸਤਰਾ ਗੱਡੀ ਵਿੱਚ ਹੀ ਲੱਗਿਆ ਹੈ। ਮੈਂ 4 ਵਜੇ ਘਰੋਂ ਚੱਲ ਪੈਂਦਾ ਹਾਂ ਤੇ 7 ਵਜੇ ਜਿੱਥੇ ਪਹੁੰਚਣਾ ਹੋਵੇ ਪਹੁੰਚ ਜਾਂਦਾ ਹਾਂ। ਚੰਨੀ ਨੇ ਕਿਹਾ ਕਿ ਮੈਂ ਸਾਰੇ ਦਫਤਰਾਂ ਵਿੱਚ ਜਾਉਂਗਾ। ਸਾਰੇ ਜ਼ਿਲ੍ਹਿਆਂ ਦੇ ਡੀਸੀ ਹਫਤੇ ਵਿੱਚ ਦੋ ਦਿਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ ਤੇ ਪੰਜਾਬ ਦੇ ਲੋਕਾਂ ਦੇ ਸਾਰੇ ਕੰਮ ਹੋਣਗੇ। ਚੰਨੀ ਨੇ ਕਿਹਾ ਕਿ ਪਾਰਟੀ ਸੁਪਰੀਮ ਹੈ, ਮੁੱਖ ਮੰਤਰੀ ਜਾਂ ਕੈਬਨਿਟ ਸੁਪਰੀਮ ਨਹੀਂ। ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰਾਜ ਚੱਲੇਗਾ। ਕਾਂਗਰਸ ਪਾਰਟੀ ਦੀ ਵਿਚਾਰਧਾਰਾ ਚੱਲੇਗੀ। ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਨੇ ਆਮ ਆਦਮੀ ਨੂੰ ਮੁੱਖ ਮੰਤਰੀ ਬਣਾਇਆ ਹੈ। ਆਪਣੇ ਬਚਪਨ ਤੇ ਪਰਿਵਾਰ ਦੇ ਹਾਲਾਤ ਨੂੰ ਬਿਆਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਭਾਵੁਕ ਵੀ ਹੋਏ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਆਵਾਜ ਨੂੰ ਬੁਲੰਦ ਕੀਤਾ।

MUST READ