ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਕੀਤੀ ਗਈ ਹੋਰ ਸਖ਼ਤ, ਏਜੰਸੀਆਂ ਪਰੇਸ਼ਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਉੱਚ ਪੁਲਸ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਪਾਕਿਸਤਾਨ ਤੇ ਉਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਨੂੰ ਦੇਖਦੇ ਹੋਏ ਪੰਜਾਬ ਪੁਲਸ ਤੇ ਕੇਂਦਰੀ ਏਜੰਸੀਆਂ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ।

ਪੁਲਸ ਅਧਿਕਾਰੀ ਕੈਪਟਨ ਦੀ ਸੁਰੱਖਿਆ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਪਹਿਲਾਂ ਹੀ ਜ਼ੈੱਡ ਪਲੱਸ ਸੁਰੱਖਿਆ ਦੇ ਘੇਰੇ ‘ਚ ਹਨ। ਹੁਣ ਕਿਉਂਕਿ ਅੱਗੇ ਤਿਉਹਾਰੀ ਮੌਸਮ ਵੀ ਆਉਣ ਵਾਲਾ ਹੈ ਤੇ ਵਿਧਾਨ ਸਭਾ ਚੋਣਾਂ ਵੀ ਨੇੜੇ ਹਨ, ਇਸ ਲਈ ਪੁਲਸ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਹੋਰ ਸਖਤ ਕਦਮ ਚੁੱਕਣੇ ਪੈਣਗੇ। ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਨਾਲ ਡਰੋਨ ਹਮਲੇ ਦਾ ਖਤਰਾ ਵਧਦਾ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਵੀ ਮੁੱਖ ਮੰਤਰੀ ਦੀ ਸੁਰੱਖਿਆ ਦੀ ਸਮੀਖਿਆ ਹੋ ਰਹੀ ਹੈ। ਅੱਤਵਾਦੀ ਸੰਗਠਨ ਕਿਸੇ ਵੀ ਸਮੇਂ ਡਰੋਨ ਦੀ ਵਰਤੋਂ ਚੋਣਾਂ ਤੋਂ ਪਹਿਲਾਂ ਕਰ ਸਕਦੇ ਹਨ। ਇਸ ਲਈ ਪੰਜਾਬ ਪੁਲਸ ਤੇ ਕੇਂਦਰੀ ਏਜੰਸੀਆਂ ਨਵੇਂ ਸਿਰੇ ਤੋਂ ਡਰੋਨ ਹਮਲੇ ਦਾ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ‘ਤੇ ਵਿਚਾਰ ਕਰ ਰਹੇ ਹਨ।

MUST READ